ਸੰਗਰੂਰ: ਸੈਂਕੜੇ ਸਾਬਕਾ ਸੈਨਿਕਾਂ ਨੇ ਮੁੱਖ ਮੰਤਰੀ ਦੀ ਪਤਨੀ ਤੇ ਗੱਡੀਆਂ ਦਾ ਘਿਰਾਓ ਕਰਕੇ ਕਾਲੀਆਂ ਝੰਡੀਆਂ ਦਿਖਾਈਆਂ
ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਦਫ਼ਤਰ ਦਾ ਉਦਘਾਟਨ ਕਰਨ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਮਾਤਾ ਹਰਪਾਲ ਕੌਰ ਦੀਆਂ ਗੱਡੀਆਂ ਦਾ ਸਾਬਕਾ ਸੈਨਿਕਾਂ ਨੇ ਸੂਬਾ ਪੱਧਰੀ ਘਿਰਾਓ ਕਰਕੇ ਕਾਲੀਆਂ ਝੰਡੀਆਂ ਵਿਖਾਈਆਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਘਿਰਾਓ ਦੌਰਾਨ ਡਾ. ਗੁਰਪ੍ਰੀਤ ਕੌਰ ਅਤੇ ਮਾਤਾ ਹਰਪਾਲ ਕੌਰ ਦੀਆਂ ਗੱਡੀਆਂ ਨੂੰ ਸੁਰੱਖਿਅਤ ਕੱਢਣ ਲਈ ਪੁਲੀਸ ਅਤੇ ਸਾਬਕਾ ਸੈਨਿਕਾਂ ਵਿਚਕਾਰ ਧੱਕਾ-ਮੁੱਕੀ ਹੋਈ ਪਰ ਭਾਰੀ ਜੱਦੋ-ਜਹਿਦ ਦੌਰਾਨ ਗੱਡੀਆਂ ਨੂੰ ਬਾਹਰ ਕੱਢਣ ’ਚ ਪੁਲੀਸ ਸਫ਼ਲ ਹੋ ਗਈ। ਸਾਬਕਾ ਸੈਨਿਕ ਜੀਓਜੀ (ਗਾਰਡੀਅਨ ਆਫ਼ ਗਵਰਨੈੱਸ) ਬੰਦ ਕਰਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਇਸ ਤੋਂ ਪਹਿਲਾਂ ਸਾਬਕਾ ਸੈਨਿਕਾਂ ਦੇ ਸਰਕਾਰ ਵਿਰੋਧੀ ਨਾਅਰਿਆਂ ਦੀ ਗੂੰਜ ਅਤੇ ਰੌਲੇ ਰੱਪੇ ਦੌਰਾਨ ਹਲਕਾ ਵਿਧਾਇਕ ਦੇ ਦਫ਼ਤਰ ਦਾ ਉਦਘਾਟਨ ਹੋਇਆ। ਉਦਘਾਟਨੀ ਸਮਾਗਮ ਦੌਰਾਨ ਪਾਰਟੀ ਵਰਕਰ ਇੱਕ ਪਾਸੇ ਆਪ ਸਰਕਾਰ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਰਹੇ, ਜਦੋਂ ਕਿ ਦੂਜੇ ਪਾਸੇ ਸਾਬਕਾ ਸੈਨਿਕ ਦੇ ਸਰਕਾਰ ਵਿਰੋਧੀ ਨਾਅਰੇ ਗੂੰਜਦੇ ਰਹੇ।