ਤਾਏ ਨੇ ਸੱਤ ਮਹੀਨਿਆਂ ਦੀ ਭਤੀਜੀ ’ਤੇ ਸੁੱਟਿਆ ਜਲਨਸ਼ੀਲ ਪਦਾਰਥ

in #delhi2 years ago

ਪਿੰਡ ਭਾਈ ਬਖਤੌਰ ਵਿਖੇ ਇਕ ਵਿਅਕਤੀ ਵੱਲੋਂ ਆਪਣੀ ਸੱਤ ਮਹੀਨਿਆਂ ਦੀ ਭਤੀਜੀ ’ਤੇ ਜਲਣਸ਼ੀਲ ਪਦਾਰਥ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਵਿਅਕਤੀ ਦੇ ਇਸ ਵਹਿਸ਼ੀ ਕਾਰੇ ਕਾਰਨ ਬੱਚੀ ਗੰਭੀਰ ਰੂਪ ’ਚ ਝੁਲਸ ਗਈ। ਪੀਡ਼ਤਾ ਨੂੰ ਸਰਕਾਰੀ ਹਸਪਤਾਲ ਦੇ ਜੱਚਾ ਬੱਚਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਜ਼ੇਰੇ ਇਲਾਜ ਪੀਡ਼ਤਾ ਦੇ ਮਾਪਿਆਂ ਦਾ ਦੋਸ਼ ਹੈ ਕਿ ਘਟਨਾ ਵਾਪਰੀ ਨੂੰ ਇਕ ਹਫ਼ਤਾ ਬੀਤ ਗਿਆ ਪਰ ਪੁਲਿਸ ਨੇ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ। ਇਸ ਮੌਕੇ ਪੀਡ਼ਤਾ ਦੀ ਮਾਂ ਅਮਨ ਕੌਰ ਨੇ ਦੱਸਿਆ ਕਿ ਹਫਤਾ ਪਹਿਲਾਂ ਉਸ ਦੇ ਘਰਵਾਲੇ ਅਤੇ ਜੇਠ ਦਰਮਿਆਨ ਲਡ਼ਾਈ ਹੋ ਗਈ ਸੀ ਕਿਉਂਕਿ ਉਸ ਦਾ ਜੇਠ ਨਸ਼ਾ ਕਰ ਕੇ ਗਾਲੀ ਗਲੋਚ ਕਰਦਾ ਸੀ।ਪੀਡ਼ਤ ਔਰਤ ਅਨੁਸਾਰ ਲਡ਼ਾਈ ਤੋਂ ਅਗਲੇ ਦਿਨ ਉਸ ਦਾ ਪਤੀ ਦੁੱਧ ਲੈਣ ਲਈ ਗਿਆ ਹੋਇਆ ਸੀ ਤੇ ਉਹ ਬਾਹਰ ਵਿਹਡ਼ੇ ਵਿਚ ਸੀ। ਇਸ ਦੌਰਾਨ ਬੱਚੀ ਦੇ ਰੋਣ ਦੀ ਆਵਾਜ਼ ਆਈ। ਜਦ ਉਸ ਨੇ ਦੇਖਿਆ ਤਾਂ ਉਸ ਦਾ ਜੇਠ ਘਰ ਤੋਂ ਬਾਹਰ ਭੱਜ ਰਿਹਾ ਸੀ ਤੇ ਬੱਚੀ ਬੁਰੀ ਤਰ੍ਹਾਂ ਝੁਲਸ ਚੁੱਕੀ ਸੀ। ਰੌਲਾ ਪਾਉਣ ’ਤੇ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋ ਗਏ। ਇਸ ਤੋਂ ਬਾਅਦ ਉਹ ਸ਼ਿਕਾਇਤ ਦਰਜ ਕਰਾਉਣ ਲਈ ਥਾਣਾ ਕੋਟਫੱਤਾ ਗਏ ਪਰ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਇਹ ਕਹਿ ਕੇ ਵਾਪਸ ਮੋਡ਼ ਦਿੱਤਾ ਕਿ ਪਹਿਲਾਂ ਬੱਚੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਓ। ਉਕਤ ਔਰਤ ਨੇ ਦੱਸਿਆ ਕਿ ਉਹ ਬੱਚੀ ਨੂੰ ਵੱਖ ਵੱਖ ਹਸਪਤਾਲਾਂ ਵਿਚ ਲੈ ਕੇ ਗਏ ਤੇ ਹੁਣ ਸਰਕਾਰੀ ਹਸਪਤਾਲ ਦੇ ਜੱਚਾ ਬੱਚਾ ਵਾਰਡ ਵਿਚ ਦਾਖ਼ਲ ਕਰਵਾਇਆ ਹੈ।