ਬਹਿਬਲ ਕਲਾਂ ਗੋਲੀ ਕਾਂਡ: ਸਿਟ ਨੇ ਸੁਖਬੀਰ ਬਾਦਲ ਤੋਂ ਕੀਤੀ ਤਿੰਨ ਘੰਟੇ ਪੁੱਛ-ਪੜਤਾਲ

in #delhi2 years ago

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਇੱਥੇ ਪੰਜਾਬ ਪੁਲੀਸ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਸਿਟ) ਅੱਗੇ ਦੂਜੀ ਵਾਰ ਪੇਸ਼ ਹੋਏ। ਆਈਜੀ ਰੈਂਕ ਦੇ ਪੁਲੀਸ ਅਧਿਕਾਰੀ ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸ੍ਰੀ ਬਾਦਲ ਤੋਂ ਤਿੰਨ ਘੰਟੇ ਪੁੱਛ ਪੜਤਾਲ ਕੀਤੀ। ਅਕਾਲੀ ਦਲ ਅਤੇ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰੇ ਇਸ ਗੋਲੀ ਕਾਂਡ ਵਿੱਚ ਦੋ ਵਿਅਕਤੀਆਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਸਰਾਵਾਂ ਦੀ ਪੁਲੀਸ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਤੇ ਪੁਲੀਸ ਨੇ ‘ਅਣਪਛਾਤੇ ਪੁਲੀਸ ਕਰਮਚਾਰੀਆਂ’ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਸ੍ਰੀ ਬਾਦਲ ਉਸ ਸਮੇਂ ਗ੍ਰਹਿ ਮੰਤਰੀ ਸਨ। ਪੁਲੀਸ ਨੇ ਉਨ੍ਹਾਂ ਤੋਂ ਸਮੁੱਚੀ ਪ੍ਰਕਿਰਿਆ ਅਤੇ ਘਟਨਾ ਨਾਲ ਸਬੰਧਤ ਸਵਾਲ ਪੁੱਛੇ ਹਨ। ਸਿਟ ਵੱਲੋਂ ਇਹ ਵੀ ਪੁੱਛਿਆ ਗਿਆ ਕਿ ਗ੍ਰਹਿ ਮੰਤਰੀ ਵਜੋਂ ਉਨ੍ਹਾਂ ਨੂੰ ਇਸ ਗੋਲੀ ਕਾਂਡ ਦੀ ਜਾਣਕਾਰੀ ਕਦੋਂ ਕਿਵੇਂ ਅਤੇ ਕਿਸ ਰਾਹੀਂ ਲੱਗੀ। ਪੁਲੀਸ ਅਧਿਕਾਰੀਆਂ ਨੇ ਪੁੱਛਿਆ ਕਿ ਜਦੋਂ ਗ੍ਰਹਿ ਮੰਤਰੀ ਹੁੰਦਿਆਂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਪੁਲੀਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਸਿਟ ਵੱਲੋਂ ਕੀਤੇ ਜਿਨ੍ਹਾਂ ਸਵਾਲਾਂ ਦਾ ਜਵਾਬ ਦਿੱਤਾ ਹੈ, ਉਨ੍ਹਾਂ ਦੀ ਪ੍ਰਮਾਣਿਕਤਾ ਦੇਖੀ ਜਾਵੇਗੀ ਤੇ ਪੁਲੀਸ ਦਾ ਰਿਕਾਰਡ ਵੀ ਘੋਖਿਆ ਜਾਵੇਗਾ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਚੱਲ ਰਹੀ ਹੈ। ਇਸ ਲਈ ਜਦੋਂ ਤੱਕ ਇਹ ਜਾਂਚ ਸਿਰੇ ਨਹੀਂ ਲੱਗ ਜਾਂਦੀ ਤਾਂ ਸਬੰਧਤ ਵਿਅਕਤੀਆਂ ਨੂੰ ਇੱਕ ਤੋਂ ਵੱਧ ਵਾਰ ਬੁਲਾਇਆ ਜਾਣਾ ਸੰਭਵ ਹੈ। ਇਸੇ ਲਈ ਸੁਖਬੀਰ ਸਿੰਘ ਬਾਦਲ ਨੂੰ ਅੱਜ ਦੂਜੀ ਵਾਰੀ ਬੁਲਾਇਆ ਗਿਆ ਸੀ।

Sort:  

सर मैंने आपकी खबरें लाइक कर दी है जी