ਪੁਲਿਸ ਦੀ ਗੁੰਡਾਗਰਦੀ; ਹੁਣ ਮੋਹਾਲੀ 'ਚ 3 ਨੌਜਵਾਨਾਂ ਨੂੰ ਡੰਡਿਆਂ ਨਾਲ ਕੁੱਟਿਆ

in #dehli2 years ago

ਤਰਨਤਾਰਨ ਵਿਖੇ ਬੱਸ ਕੰਡਕਟਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਮਾਮਲੇ ਤੋਂ ਬਾਅਦ ਹੁਣ ਮੋਹਾਲੀ ਦੇ ਫੇਜ਼ 9 ਵਿਖੇ ਪੰਜਾਬ ਪੁਲਿਸ ਦਾ ਘਿਨਾਉਣਾ ਚਿਹਰਾ ਵੇਖਣ ਨੂੰ ਸਾਹਮਣੇ ਆਇਆ ਹੈ। ਇਥੇ ਪੁਲਿਸ ਮੁਲਾਜ਼ਮ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ 3 ਨੌਜਵਾਨਾਂ ਦੀ ਭਾਰੀ ਕੁੱਟਮਾਰ ਕੀਤੀ ਗਈ ਹੈ। ਤਿੰਨੇ ਨੌਜਵਾਨਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ, ਜਿਨ੍ਹਾਂ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਲੱਗੇ ਹੋਏ ਹਨ।

ਹਸਪਤਾਲ ਵਿੱਚ ਜੇਰੇ ਇਲਾਜ ਮੁੰਡਿਆਂ ਵਿੱਚੋਂ ਇੱਕ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਪਾਰਕ ਵਿੱਚ ਬੈਠਾ ਸੀ। ਇਸ ਦੌਰਾਨ ਦੋ ਨੌਜਵਾਨ ਆਪਸ ਵਿੱਚ ਲੜਾਈ ਕਰ ਰਹੇ ਸਨ, ਜਿਨ੍ਹਾਂ ਨੇ ਉਸ ਕੋਲ ਆ ਕੇ ਪੁੱਛਿਆ ਕਿ ਕੀ ਸਾਡੀ ਵੀਡੀਓ ਕਿਉਂ ਬਣਾ ਰਿਹਾ ਹੈ। ਉਸ ਨੇ ਨੌਜਵਾਨਾਂ ਨੂੰ ਕਿਹਾ ਕਿ ਮੈਂ ਕੋਈ ਵੀਡੀਓ ਨਹੀਂ ਬਣਾਈ, ਪਰੰਤੂ ਨੌਜਵਾਨਾਂ ਨੇ ਮੇਰਾ ਮੋਬਾਈਲ ਖੋਹ ਲਿਆ ਅਤੇ ਜ਼ਮੀਨ *ਤੇ ਸੁੱਟ ਕੇ ਭੰਨ ਦਿੱਤਾ।

ਪੀੜਤ ਨੇ ਦੱਸਿਆ ਕਿ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੂੰ ਪੁਲਿਸ ਮੁਲਾਜ਼ਮ ਹੋਣ ਦਾ ਕਹਿ ਕੇ ਨੌਜਵਾਨ ਨੇ ਧਮਕਾਇਆ, ਜੋ ਕਿ ਬਿਨਾਂ ਵਰਦੀ ਤੋਂ ਸਨ। ਇਸ ਪਿੱਛੋਂ ਮੁਲਜ਼ਮ ਨੌਜਵਾਨਾਂ ਨੇ ਉਥੇ ਹੋਰ ਪੁਲਿਸ ਮੁਲਾਜ਼ਮਾਂ ਨੂੰ ਬੁਲਾ ਲਿਆ ਅਤੇ ਉਨ੍ਹਾਂ ਤਿੰਨਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸਤੋਂ ਬਾਅਦ ਕਥਿਤ ਦੋਸ਼ੀ ਪੁਲਿਸ ਵਾਲੇ ਪੀੜਤਾਂ ਨੂੰ ਥਾਣੇ ਲੈ ਗਏ ਅਤੇ ਉਥੇ ਜ਼ਮੀਨ 'ਤੇ ਲਿਟਾ ਕੇ ਕੁੱਟਿਆ ਅਤੇ ਫਿਰ ਘਰ ਭੇਜ ਦਿੱਤਾ।