ਜ਼ਿਮਨੀ ਚੋਣ ’ਚ ਮੁੱਖ ਮੰਤਰੀ ਦੀ ਭੈਣ ਨੂੰ ਟਿਕਟ ਦੇਣ ਲਈ ਲਾਏ ਪੋਸਟਰ

ਸੰਦੀਪ ਸਿੰਗਲਾ, ਧੂਰੀ : 23 ਜੂਨ ਨੂੰ ਹੋਣ ਵਾਲੀ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਭਾਵੇਂ ਆਮ ਆਦਮੀ ਪਾਰਟੀ ਨੇ ਹਾਲੇ ਤਕ ਕਿਸੇ ਉਮੀਦਵਾਰ ਦਾ ਨਾਂ ਤਾਂ ਨਹੀਂ ਐਲਾਨਿਆ ਹੈ ਪਰ ਧੂਰੀ ਸ਼ਹਿਰ ਵਿਚ ਪੋਸਟਰ ਲੱਗਣ ਕਾਰਨ ਹਲਚਲ ਹੈ।

ਧੂਰੀ ਵਿਚ ਵੱਖ-ਵੱਖ ਥਾਵਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਦੇ ਹੱਕ ਵਿਚ ਪੋਸਟਰ ਲੱਗੇ ਵੇਖੇ ਗਏ ਹਨ। ਇਨ੍ਹਾਂ ਪੋਸਟਰਾਂ ਦੇ ਹੇਠਾਂ ਜਾਰੀ ਕਰਤਾ ਦਾ ਨਾਂ ਲਿਖਣ ਦੀ ਬਜਾਏ ਸਗੋਂ ‘ਸਮੂਹ ਆਪ ਵਾਲੰਟੀਅਰ’ ਲਿਖਿਆ ਹੋਇਆ ਹੈ। ਇਸ ਬਾਰੇ ਸੋਸ਼ਲ ਮੀਡੀਆ ’ਤੇ ਚਰਚਾ ਕਰਵਾਈ ਜਾ ਰਹੀ ਹੈ।
ਮੁੱਖ ਮੰਤਰੀ ਮਾਨ ਦੀ ਭੈਣ ਨੂੰ ਲੋਕ ਸਭਾ ਚੋਣ ਲੜਾਉਣ ਦੀ ਜਿੱਥੇ ਬਹੁਤੇ ‘ਆਪ’ ਹਿਮਾਇਤੀਆਂ ਨੇ ਹਿਮਾਇਤ ਕੀਤੀ ਹੈ, ਉਥੇ ਕੁਝ ਲੋਕ ‘ਪਰਿਵਾਰਵਾਦ’ ਦੇ ਨਾਂ ’ਤੇ ਇਸ ਦਾ ਵਿਰੋਧ ਕਰਦੇ ਹੋਏ ਮੁੱਢ ਤੋਂ ਪਾਰਟੀ ਨਾਲ ਖੜ੍ਹਣ ਵਾਲੇ ‘ਆਪ’ ਵਾਲੰਟੀਅਰ ਨੂੰ ਟਿਕਟ ਦੇਣ ਦੀ ਮੰਗ ਕਰ ਰਹੇ ਹਨ। ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਹਲਕਾ ਧੂਰੀ ਅੰਦਰ ਭਰਾ ਦੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਸੀ, ਉਥੇ ਚੋਣਾਂ ਪਿੱਛੋਂ ਮੁੱਖ ਮੰਤਰੀ ਮਾਨ ਦੀ ਬਜਾਏ ਉਨ੍ਹਾਂ ਦੀ ਭੈਣ ਮਨਪ੍ਰੀਤ ਹੀ ਹਲਕਾ ਧੂਰੀ ਅੰਦਰ ਸਰਗਰਮ ਸੀ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਸਾਲ 2014 ਤੇ 2019 ਵਿਚ ਲਗਾਤਾਰ ਮੈਂਬਰ ਲੋਕ ਸਭਾ ਸੰਗਰੂਰ ਵਜੋਂ ਚੁਣੇ ਗਏ ਸਨ ਤੇ ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਮੁੱਖ ਮੰਤਰੀ ਦੇ ਚਿਹਰੇ ਵਜੋਂ ਹਲਕਾ ਧੂਰੀ ਤੋਂ ਚੋਣ ਲੜੇ ਸਨ। 10 ਮਾਰਚ ਨੂੰ ਆਏ ਨਤੀਜਿਆਂ ਵਿਚ ‘ਆਪ’ ਦੀ ਵੱਡੀ ਜਿੱਤ ਤੋਂ ਬਾਅਦ 14 ਮਾਰਚ ਨੂੰ ਭਗਵੰਤ ਮਾਨ ਨੇ ਲੋਕ ਸਭਾ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਸੀ ਤੇ ਉਸ ਮਗਰੋਂ ਇਹ ਸੀਟ ਖਾਲੀ ਹੋ ਗਈ ਸੀ।27_05_2022-27san_11_27052022_641_9079797_m.jpgimages (15) (27).jpeg