ਫੁੱਲ ਨਾ ਪੈਣ ਕਾਰਨ ਕਿਸਾਨ ਖੇਤਾਂ ’ਚ ਵਾਹੁਣ ਲੱਗੇ ਗੋਭੀ,ਮਾੜੇ ਬੀਜ ਕਾਰਨ ਗੋਭੀ ਕਾਸ਼ਤਕਾਰਾਂ ਦਾ ਲੱਖਾਂ ਦਾ ਨੁਕਸਾਨ

in #batala2 years ago

ਗੋਭੀ ਦੀ ਬਿਜਾਈ ਕਰਨ ’ਚ ਪੰਜਾਬ, ਜੰਮੂ ਅਤੇ ਹਿਮਾਚਲ ’ਚ ਮਸ਼ਹੂਰ ਕਸਬਾ ਡੇਰਾ ਬਾਬਾ ਨਾਨਕ ਜਿੱਥੇ ਸਾਲ ਭਰ ਲਗਾਤਾਰ ਗੋਭੀ ਦੀ ਕਾਸ਼ਤ ਕਰਕੇ ਗੁਆਂਢੀ ਰਾਜਾਂ ਨੂੰ ਸਪਲਾਈ ਕੀਤੀ ਜਾਂਦੀ ਹੈ ਪਰ ਇਸ ਵਾਰ ਦਰਜਨਾਂ ਕਾਸ਼ਤਕਾਰਾਂ ਵੱਲੋਂ ਕਰੀਬ 60 ਕਿੱਲੇ ਬੀਜੀ ਗੋਭੀ ਨੂੰ ਫੁੱਲ ਨਾ ਪੈਣ ਕਾਰਨ ਕਿਸਾਨ ਗੋਭੀ ਨੂੰ ਖੇਤਾਂ ਵਿਚ ਵਾਹ ਰਹੇ ਹਨ ਜਿਸ ਕਾਰਨ ਗੋਭੀ ਕਾਸ਼ਤਕਾਰਾਂ ਦਾ ਇਸ ਵਾਰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਗੋਭੀ ਕਾਸ਼ਤਕਾਰ ਗੁਰਨਾਮ ਸਿੰਘ ਪੱਖੋਕੇ ਟਾਹਲੀ ਸਾਹਿਬ, ਤਰਲੋਕ ਸਿੰਘ ਡੇਰਾ ਬਾਬਾ ਨਾਨਕ , ਅਮਰਜੀਤ ਸਿੰਘ, ਸੁਖਦੇਵ ਸਿੰਘ, ਲਾਡੀ , ਮਨਜੀਤ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਪੱਖੋਕੇ ਟਾਹਲੀ ਸਾਹਿਬ, ਡੇਰਾ ਬਾਬਾ ਨਾਨਕ, ਠੇਠਰਕੇ, ਖਾਸਾਂਵਾਲੀ, ਸਾਧਾਂਵਾਲੀ ’ਚ ਸਾਲ ਭਰ ਲਗਾਤਾਰ ਵੱਖ-ਵੱਖ ਮੌਸਮਾਂ ’ਚ ਆਪਣੇ ਖੇਤਾਂ ’ਚ ਗੋਭੀ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਵਾਰ ਗੋਭੀ ਕਾਸ਼ਤਕਾਰਾਂ ਵੱਲੋਂ ਜਨਵਰੀ ਦੇ ਆਖ਼ਰੀ ਹਫ਼ਤੇ ਤੇ ਫਰਵਰੀ ਦੇ ਪਹਿਲੇ ਹਫ਼ਤੇ ’ਚ ਗਰਮੀ ਦੇ ਮੌਸਮ ਵਾਲੀ ਗੋਭੀ ਦੀ ਕਾਸ਼ਤ ਕੀਤੀ ਸੀ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ 70 ਹਜ਼ਾਰ ਰੁਪਏ ਪ੍ਰਤੀ ਕਿੱਲੋ ਗੋਭੀ ਦਾ ਬੀਜ ਖ਼ਰੀਦਿਆ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰ ਬੀਜ ਘਟੀਆ ਹੋਣ ਕਾਰਨ ਉਕਤ ਪਿੰਡਾਂ ਦੇ ਵੱਖ-ਵੱਖ ਕਿਸਾਨਾਂ ਵੱਲੋਂ ਕਾਸ਼ਤ ਕੀਤੀ ਕਰੀਬ 60 ਕਿੱਲੇ ਗੋਭੀ ਨੂੰ ਫੁੱਲ ਨਹੀਂ ਪਏ। ਗੁਰਨਾਮ ਸਿੰਘ ਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਪਿਛਲੇ ਸਾਲ ਮਈ ਮਹੀਨੇ ਵਿਚ ਗੋਭੀ ਦੀ ਕਟਾਈ ਵੱਡੇ ਪੱਧਰ ਤੇ ਹੋਣ ਕਾਰਨ ਇਸ ਦੀ ਸਪਲਾਈ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਤੋਂ ਇਲਾਵਾ ਜੰਮੂ ਤੇ ਹਿਮਾਚਲ ਦੀਆਂ ਮੰਡੀਆਂ ’ਚ ਵੀ ਕੀਤੀ ਗਈ ਸੀ ਪਰ ਇਸ ਵਾਰ ਪ੍ਰਤੀ ਏਕਡ਼ ਗੋਭੀ ਤੇ 50 ਹਜ਼ਾਰ ਰੁਪਏ ਖ਼ਰਚ ਆਉਣ ਦੇ ਬਾਵਜੂਦ ਫੁੱਲ ਨਹੀਂ ਪਏ। ਕਾਸ਼ਤਕਾਰਾਂ ਨੇ ਦੱਸਿਆ ਕਿ ਇਸ ਵਾਰ ਗੋਭੀ ਦਾ ਰੇਟ ਚੰਗਾ ਹੋਣ ਕਾਰਨ ਉਨ੍ਹਾਂ ਨੂੰ ਪ੍ਰਤੀ ਏਕਡ਼ ਦੋ ਤੋਂ ਢਾਈ ਲੱਖ ਰੁਪਏ ਦੀ ਗੋਭੀ ਵਿਕਣ ਦੀ ਆਸ ਸੀ ਪਰ ਘਟੀਆ ਬੀਜ ਹੋਣ ਕਾਰਨ ਉਨ੍ਹਾਂ ਦੀ ਫ਼ਸਲ ਨੂੰ ਫੁੱਲ ਨਾ ਪੈਣ ਕਾਰਨ ਉਹ ਮਜਬੂਰਨ ਖੇਤਾਂ ’ਚ ਗੋਭੀ ਵਾਹੁਣ ਲੱਗ ਪਏ ਹਨ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਘਟੀਆ ਬੀਜ ਵੇਚਣ ਵਾਲੇ ਡੀਲਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੀ ਆਰਥਕ ਸਹਾਇਤਾ ਕੀਤੀ ਜਾਵੇ23_05_2022-22grp_3_22052022_398_9077275_m.jpg