ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿੱਚ ਲਗਾਇਆ ਗਿਆ ਸਿਹਤ ਮੇਲਾ

in #batala2 years ago

ਸਿਹਤ ਸੇਵਾਵਾਂ ਵਿੱਚ ਸੁਧਾਰ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਏਜੰਡਾ - ਵਿਧਾਇਕ ਸ਼ੈਰੀ ਕਲਸੀ
ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਅੱਜ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਅੰਮਿ੍ਰਤ ਮਹਾਂ ਉਤਸਵ ਸਿਹਤ ਮੇਲਾ-2022 ਅਤੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਸਿਹਤ ਮੇਲੇ ਦੌਰਾਨ ਸਿਵਲ ਹਸਤਪਤਾਲ ਬਟਾਲਾ ਦੇ ਐਲੋਪੈਥਿਕ ਵਿਭਾਗ, ਹੋਮਿਓਪੈਥਿਕ ਵਿਭਾਗ, ਆਯੂਰਵੈਦਿਕ ਅਤੇ ਡੈਂਟਲ ਵਿਭਾਗ ਦੇ ਮਾਹਿਰ ਡਾਕਟਰ ਨੇ ਮਰੀਜ਼ਾਂ ਦਾ ਮੁਆਇਨਾ ਕੀਤਾ। ਇਸ ਤੋਂ ਇਲਾਵਾ ਟੀ.ਬੀ. ਅਤੇ ਛਾਤੀ ਦੇ ਰੋਗਾਂ ਦੀ ਜਾਣਕਾਰੀ, ਹੈਪਾਟਾਇਟਿਸ ਬੀ ਅਤੇ ਸੀ ਦੀ ਜਾਣਕਾਰੀ, ਨਸ਼ਾ ਛੁਡਾਉਣ ਸਬੰਧੀ ਜਾਣਕਾਰੀ, ਬੀਪੀ ਅਤੇ ਸ਼ੂਗਰ ਰੋਗਾਂ ਤੋਂ ਬਚਣ ਲਈ ਜਾਣਕਾਰੀ ਵੀ ਸਾਂਝੀ ਕੀਤੀ ਗਈ। ਸਿਹਤ ਮੇਲੇ ਦੌਰਾਨ ਕੋਵਿਡ-19 ਦਾ ਟੀਕਾਕਰਨ ਵੀ ਕੀਤਾ ਗਿਆ। ਸਿਹਤ ਮੇਲੇ ਦੌਰਾਨ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਦੇ ਕਾਰਡ ਅਤੇ ਵਿਕਲਾਂਗ ਸਰਟੀਫਿਕੇਟ ਬਣਾਏ ਗਏ। ਅੱਖਾਂ ਦਾ ਮੁਫ਼ਤ ਚੈੱਕ-ਅੱਪ ਕੀਤਾ ਗਿਆ ਅਤੇ ਵੱਖ-ਵੱਖ ਬਿਮਾਰੀਆਂ ਦੀਆਂ ਦਵਾਈਆਂ ਮੁਫਤ ਦਿੱਤੀਆਂ ਗਈਆਂ।

ਸਿਹਤ ਮੇਲੇ ਦੌਰਾਨ ਹਲਕਾ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿਹਤ ਸੇਵਾਵਾਂ ਵਿੱਚ ਸੁਧਾਰ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਏਜੰਡਾ ਹੈ ਅਤੇ ਹੁਣ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਓਦੋਂ ਤੋਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਲਾਜ਼ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ। ਉਨ੍ਹਾਂ ਡਾਕਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੇਵਾ ਭਾਵਨਾ ਨਾਲ ਮਰੀਜ਼ਾਂ ਦਾ ਇਲਾਜ ਕਰਨ ਅਤੇ ਆਪਣੀ ਡਾਕਟਰੀ ਪੇਸ਼ੇ ਦੀਆਂ ਮਾਣਯੋਗ ਰਵਾਇਤਾਂ ਨੂੰ ਕਾਇਮ ਰੱਖਣ।

ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਲਾਕ ਪੱਧਰ ’ਤੇ ਵਿਸ਼ੇਸ਼ ਸਿਹਤ ਮੇਲੇ ਲਗਾਏ ਜਾ ਰਹੇ ਹਨ ਜਿਨ੍ਹਾਂ ਦਾ ਆਮ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ। ਇਸ ਮੌਕੇ ਵਿਧਾਇਕ ਸ੍ਰੀ ਸ਼ੈਰੀ ਕਲਸੀ ਨੇ ਸਿਹਤ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ।ਇਸ ਦੌਰਾਨ ਡਾ. ਪ੍ਰਭਜੋਤ ਕੌਰ ਕਲਸੀ ਨੇ ਮਲੇਰੀਏ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਡਾ. ਭੱਲਾ ਨੇ ਸਿਵਲ ਹਸਪਤਾਲ ਦੀ ਬਿਹਤਰੀ ਲਈ ਵਿਧਾਇਕ ਕਲਸੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।1650887512250_3.jpgਇਸ ਮੌਕੇ ਸਹਾਇਕ ਸਿਵਲ ਸਰਜਨ ਗੁਰਦਾਸਪੁਰ, ਸਾਬਕਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਡਾ. ਸੰਜੀਵ ਭੱਲਾ, ਡਾ. ਪ੍ਰਭਜੋਤ ਕੌਰ ਕਲਸੀ, ਡਾਕਟਰ ਹਰਪਾਲ ਸਿੰਘ, ਡਾ. ਹਰਪ੍ਰੀਤ ਸਿੰਘ, ਡਾ. ਰਵਿੰਦਰ ਸਿੰਘ ਮਠਾਰੂ, ਸਾਬਕਾ ਪ੍ਰਿੰਸੀਪਲ ਤਿਲਕ ਰਾਜ, ਰਜਿੰਦਰ ਜੰਬਾ, ਰਾਕੇਸ਼ ਮਹਿਤਾ, ਉਪਦੇਸ਼ ਕੁਮਾਰ, ਨਛੱਤਰ ਸਿੰਘ ਕੰਗ ਵਿੱਲਾ, ਨੀਰਜ ਕਾਂਸਰਾ, ਡਾ. ਸੁਰਜਨ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਸ਼ਹਿਰੀ ਹਾਜ਼ਰ ਸਨ।