ਐਸਡੀ ਕਾਲਜ ਦੇ ਸਾਫ਼ਟਵੇਅਰ ਡਿਵੈਲਪਮੈਂਟ ਵਿਭਾਗ ਵੱਲੋਂ ਨਵਾਂ ਦਾਖ਼ਲਾ ਆਧੁਨਿਕ ਸਾਫ਼ਟਵੇਅਰ ਤਿਆਰ

in #barnala2 years ago

Lakhvir Cheema Barnala

ਐਸ. ਡੀ. ਕਾਲਜ ਦੇ ਬੀ. ਵੌਕ. (ਸਾਫ਼ਟਵੇਅਰ ਡਿਵੈਲਪਮੈਂਟ) ਵਿਭਾਗ ਵੱਲੋਂ ਆਧੁਨਿਕ ਈਆਰਪੀ ਸਾਫ਼ਟਵੇਅਰ ਤਿਆਰ ਕੀਤਾ ਗਿਆ ਹੈ। ਕਾਲਜ ਪੀਆਰਓ ਪ੍ਰੋ. ਸ਼ੋਇਬ ਜ਼ਫ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦੇ ਮੁਖੀ ਪ੍ਰੋ. ਗੌਰਵ ਸਿੰਗਲਾ ਅਤੇ ਪ੍ਰੋ. ਮਨਜੀਤ ਸਿੰਘ ਦੀ ਦੇਖ-ਰੇਖ ਵਿਚ ਬਣਾਏ ਗਏ ਇਸ ਸਾਫ਼ਟਵੇਅਰ ਨੂੰ ਕਾਲਜ ਪ੍ਰਬੰਧਕ ਕਮੇਟੀ ਅਤੇ ਪਿ੍ਰੰਸੀਪਲ ਦੀ ਹਾਜ਼ਰੀ ਵਿਚ ਕਾਲਜ ਵੈੱਬਸਾਈਟ ਨਾਲ ਜੋੜਿਆ ਗਿਆ। ਇਹ ਸਾਫ਼ਟਵੇਅਰ ਬਣਨ ਨਾਲ ਦਾਖ਼ਲਿਆਂ ਦੀ ਸਾਰੀ ਪ੍ਰਕਿਰਿਆ ਬਹੁਤ ਆਸਾਨ ਹੋ ਗਈ ਹੈ। ਇਸ ਸੈਸ਼ਨ ਤੋਂ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀ ਘਰ ਬੈਠਿਆਂ ਹੀ ਕਿਸੇ ਵੀ ਕਲਾਸ ਵਿਚ ਆਨਲਾਈਨ ਦਾਖ਼ਲਾ ਲੈ ਸਕਦੇ ਹਨ। ਹੁਣ ਕਾਲਜ ਆ ਕੇ ਦਾਖ਼ਲਾ ਫ਼ਾਰਮ ਅਤੇ ਦਸਤਾਵੇਜ਼ਾਂ ਦੀ ਹਾਰਡ ਕਾਪੀ ਜਮਾਂ ਕਰਾਉਣ ਦੀ ਲੋੜ ਨਹੀਂ ਰਹਿ ਗਈ ਹੈ। ਪ੍ਰੋ. ਗੌਰਵ ਸਿੰਗਲਾ ਨੇ ਦੱਸਿਆ ਕਿ ਇਸ ਸਾਫ਼ਟਵੇਅਰ ਨੂੰ ਤਿਆਰ ਕਰਨ ਵਿਚ ਲਗਭਗ 9 ਮਹੀਨੇ ਦਾ ਸਮਾਂ ਲੱਗਿਆ ਹੈ। ਇਸ ਤਕਨੀਕ ਰਾਹੀਂ ਦਾਖ਼ਲਿਆਂ ਵਿਚ ਗਲਤੀਆਂ ਦੀ ਸੰਭਾਵਨਾ ਬਹੁਤ ਘੱਟ ਜਾਵੇਗੀ। ਵਿਦਿਆਰਥੀਆਂ ਦਾ ਡਿਜੀਟਲ ਡਾਟਾ ਇਕੱਠਾ ਕਰਨਾ ਬੇਹੱਦ ਆਸਾਨ ਹੋ ਗਿਆ ਹੈ। ਫ਼ੀਸ ਦਾ ਹਿਸਾਬ ਕਿਤਾਬ ਵੀ ਆਸਾਨੀ ਨਾਲ ਹੋ ਸਕੇਗਾ। ਇਸ ਸਾਫ਼ਟਵੇਅਰ ਦੀ ਤਿਆਰੀ ਦੌਰਾਨ ਵਿਭਾਗ ਦੇ ਵਿਦਿਆਰਥੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕਾਲਜ ਪਿ੍ਰੰਸੀਪਲ ਡਾ. ਰਮਾ ਸ਼ਰਮਾ ਨੇ ਦੱਸਿਆ ਕਿ ਇਸ ਸਾਫ਼ਟਵੇਅਰ ਰਾਹੀਂ ਦਾਖ਼ਲਿਆਂ ਦੀ ਸਮੁੱਚੀ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਆਨਲਾਈਨ ਕੀਤਾ ਜਾ ਸਕੇਗਾ। ਇਸ ਸਾਫ਼ਟਵੇਅਰ ਦੀ ਤਿਆਰੀ ਦੌਰਾਨ ਸਾਰੀਆਂ ਐਡਮਿਸ਼ਨ ਕਮੇਟੀਆਂ ਅਤੇ ਪ੍ਰਬੰਧਕੀ ਬਲਾਕ ਦੀਆਂ ਜ਼ਰੂਰਤਾਂ ਨੂੰ ਵਿਸ਼ੇਸ਼ ਤੌਰ ’ਤੇ ਧਿਆਨ ਵਿਚ ਰੱਖਿਆ ਗਿਆ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ ਅਤੇ ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਨੇ ਇਹ ਬੇਹੱਦ ਲਾਹੇਵੰਦ ਸਾਫ਼ਟਵੇਅਰ ਤਿਆਰ ਕਰਨ ’ਤੇ ਸਾਫ਼ਟਵੇਅਰ ਵਿਭਾਗ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ ਅਤੇ ਉਮੀਦ ਜਤਾਈ ਹੈ ਕਿ ਅੱਗੇ ਤੋਂ ਵੀ ਇਸੇ ਤਰਾਂ ਗਤੀਸ਼ੀਲ ਰਹੇਗਾ।

Software News.jpeg