ਬੇਰੁਜ਼ਗਾਰ ਅਧਿਆਪਕਾਂ ਵਲੋਂ ਪਹਿਲੀ ਮਈ ਨੂੰ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਕਰਨ ਦਾ ਐਲਾਨ

in #barnala2 years ago (edited)

IMG-20220424-WA0033.jpgਬਰਨਾਲਾ।

ਬੇਰੁਜ਼ਗਾਰ ਬੀ. ਐੱਡ. ਟੈੱਟ ਪਾਸ ਅਧਿਆਪਕ ਯੂਨੀਅਨ ਵਲੋਂ ਆਪਣੀਆਂ ਪਹਿਲਾਂ ਜਾਰੀ ਅਸਾਮੀਆਂ ਦੇ ਇਸ਼ਤਿਹਾਰ ਵਿਚ ਵਾਧਾ ਕਰਵਾਉਣ ਅਤੇ ਖ਼ਾਸ ਕਰ ਕੇ ਪੰਜਾਬੀ, ਸਮਾਜਿਕ ਸਿੱਖਿਆ, ਹਿੰਦੀ ਵਿਸ਼ਿਆਂ ਦੀਆਂ 9000 ਪੋਸਟਾਂ ਕਰਵਾਉਣ ਸਮੇਤ ਅਨੇਕਾਂ ਮੰਗਾਂ ਨੂੰ ਲੈ ਕੇ ਮਜ਼ਦੂਰ ਦਿਵਸ ਮੌਕੇ 1 ਮਈ ਨੂੰ ਬਰਨਾਲਾ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਹੈ। ਇਸ ਸਬੰਧੀ ਬਰਨਾਲਾ ਵਿਖੇ ਬੇਰੁਜ਼ਗਾਰ ਅਧਿਆਪਕਾਂ ਦੀ ਮੀਟਿੰਗ ਯੂਨੀਅਨ ਆਗੂ ਜਗਜੀਤ ਸਿੰਘ ਜੱਗੀ ਜੋਧਪੁਰ ਦੀ ਅਗਵਾਈ ਵਿਚ ਹੋਈ। ਇਸ ਮੌਕੇ ਜਗਜੀਤ ਸਿੰਘ ਜੱਗੀ ਜੋਧਪੁਰ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ 5 ਸਾਲ ਬੇਰੁਜ਼ਗਾਰ ਅਧਿਆਪਕਾਂ ਨੂੰ ਸੜਕਾਂ ਉੱਤੇ ਰੋਲਣ ਸਮੇਤ ਅੱਤਿਆਚਾਰ ਕੀਤਾ ਹੈ। ਉਸ ਮੌਕੇ ਬੇਰੁਜ਼ਗਾਰਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਸੱਦਾ ਦੇਣ ਵਾਲੇ ਸ: ਗੁਰਮੀਤ ਸਿੰਘ ਮੀਤ ਹੇਅਰ ਸਿੱਖਿਆ ਮੰਤਰੀ ਅਤੇ ਸ: ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੀ ਹੁਣ ਪਿਛਲੀਆਂ ਸਰਕਾਰਾਂ ਦੇ ਨਕਸ਼ੇ ਕਦਮ ਉੱਤੇ ਚੱਲ ਪਏ ਹਨ। ਮੁੱਖ ਮੰਤਰੀ ਭਗਵੰਤ ਮਾਨ ਬੇਰੁਜ਼ਗਾਰਾਂ ਨੂੰ ਮਿਲਣਾ ਵੀ ਵਾਜਬ ਨਹੀਂ ਸਮਝ ਰਹੇ। ਅਨੇਕਾਂ ਵਾਰ ਬੇਰੁਜ਼ਗਾਰ ਖੱਜਲ ਖੁਆਰੀਆਂ ਝੱਲ ਕੇ ਹੰਭ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਾਸਟਰ ਕੇਡਰ ਦੀਆਂ 4161 ਅਸਾਮੀਆਂ ਦੇ ਪਿਛਲੇ ਜਾਰੀ ਇਸ਼ਤਿਹਾਰ ਵਿਚ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਘੱਟੋ ਘੱਟ 3000 ਅਸਾਮੀਆਂ ਪ੍ਰਤੀ ਵਿਸ਼ਾ ਕਰਨ ਦੀ ਮੰਗ ਪੂਰੀ ਕੀਤੀ ਜਾਵੇ, ਜਦਕਿ ਪਹਿਲਾਂ ਸਿਰਫ਼ 1407 ਅਸਾਮੀਆਂ ਉਕਤ ਤਿੰਨੇ ਵਿਸ਼ਿਆਂ ਦੀਆਂ ਹਨ। ਇਸ ਮੌਕੇ ਅਵਤਾਰ ਸਿੰਘ ਹਰੀਗੜ੍ਹ, ਸੁਖਦੇਵ ਸਿੰਘ, ਅਮਨਦੀਪ ਸਿੰਘ ਠੀਕਰੀਵਾਲ, ਹਰਸ਼ਰਨ ਭੱਠਲ, ਜਗਸੀਰ ਸਿੰਘ ਜਲੂਰ, ਜਸਪ੍ਰੀਤ ਕੌਰ ਕੁੱਬੇ, ਤਰਸੇਮ ਕੌਰ ਕੁੱਬੇ, ਬਲਜੀਤ ਕੌਰ ਜੋਧਪੁਰ, ਰਛਪਾਲ ਕੌਰ ਸ਼ੇਰਪੁਰ, ਸੁਖਪਾਲ ਕੌਰ, ਪੂਨਮ ਰਾਣੀ ਬਰਨਾਲਾ, ਸੁਰਿੰਦਰ ਕੌਰ ਹੰਡਿਆਇਆ ਆਦਿ ਹਾਜ਼ਰ ਸਨ।