ਪਾਵਰ ਕੱਟਾਂ ਤੋਂ ਦੁਖੀ ਕਿਸਾਨ ਜਨਰੇਟਰ ਚਲਾ ਕੇ ਪਾਲ ਰਹੇ ਹਨ ਮੱਕੀ ਤੇ ਮੂੰਗੀ ਦੀ ਫਸਲ

in #barnala2 years ago (edited)

ਬਰਨਾਲਾ ।

ਪੰਜਾਬ ਵਿੱਚ ਬਿਜਲੀ ਦੇ ਕੱਟ ਘਰਾਂ ਵਾਲੀ ਬਿਜਲੀ ਅਤੇ ਖੇਤਾਂ ਵਾਲੀ ਬਿਜਲੀ ਲਈ ਲਗਾਤਾਰ ਲੱਗ ਰਹੇ ਹਨ। ਜਿਸ ਕਾਰਨ ਆਮ ਜਨਤਾ ਦੇ ਨਾਲ ਨਾਲ ਕਿਸਾਨਾਂ ਨੂੰ ਵੱਡੀ ਸਮੱਸਿਆ ਝੱਲਣੀ ਪੈ ਰਹੀ ਹੈ ਕਿਉਂਕਿ ਖੇਤਾਂ ਵਾਲੀ ਬਿਜਲੀ ਦੇ ਪਾਵਰਕੱਟ ਆਉਣ ਕਾਰਨ ਕਿਸਾਨਾਂ ਦੀ ਮੱਕੀ ਅਤੇ ਮੂੰਗੀ ਦੀ ਫ਼ਸਲ ਖ਼ਰਾਬ ਹੋਣ ਲੱਗੀ ਹੈ। ਜਿਸ ਕਰਕੇ ਪੰਜਾਬ ਸਰਕਾਰ ਅਤੇ ਪਾਵਰਕੌਮ ਵਿਰੁੱਧ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੱਕੀ ਅਤੇ ਮੂੰਗੀ ਦੀ ਫਸਲ ਨੂੰ ਬਚਾਉਣ ਲਈ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਜਰਨੇਟਰ ਚਲਾਉਣੇ ਪੈ ਰਹੇ ਹਨ। ਪਿੰਡ ਚੀਮਾ ਦੇ ਕਿਸਾਨਾਂ ਵੱਲੋਂ ਇਸ ਸੰਬੰਧੀ ਖੇਤਾਂ ਵਿੱਚ ਹੀ ਪੰਜਾਬ ਸਰਕਾਰ, ਕੇਂਦਰ ਸਰਕਾਰ ਤੇ ਪਾਵਰਕੌਮ ਵਿਰੁੱਧ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਦੁਖੀ ਕਿਸਾਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਨੂੰ ਬਾਰਾਂ ਘੰਟੇ ਨਿਰਵਿਘਨ ਬਿਜਲੀ ਦੇਣ ਦੇ ਦਾਅਵੇ ਕਰਦੀ ਸੀ ਪ੍ਰੰਤੂ ਲਗਾਤਾਰ ਪਾਵਰ ਕੱਟ ਲੱਗਣ ਮੱਕੀ ਅਤੇ ਮੂੰਗੀ ਦੀ ਫ਼ਸਲ ਮਚਣ ਲੱਗੀ ਹੈ। ਮਹਿੰਗੇ ਭਾਅ ਦੇ ਬੀਜ ਖ਼ਰਾਬ ਹੋ ਰਹੇ ਹਨ। ਇਕ ਪਾਸੇ ਸਰਕਾਰ ਉਨ੍ਹਾਂ ਨੂੰ ਫਸਲੀ ਚੱਕਰ ਚੋਂ ਨਿਕਲ ਕੇ ਮੂੰਗੀ ਅਤੇ ਮੱਕੀ ਲਗਾਉਣ ਦੀ ਸਲਾਹ ਦੇ ਰਹੀ ਹੈ, ਦੂਜੇ ਪਾਸੇ ਇਨ੍ਹਾਂ ਫ਼ਸਲਾਂ ਨੂੰ ਬਚਾਉਣ ਲਈ ਬਿਜਲੀ ਨਹੀਂ ਦਿੱਤੀ ਜਾ ਰਹੀ। ਜਿਸ ਕਰਕੇ ਪਾਣੀ ਨਾ ਲੱਗਣ ਕਰਕੇ ਫ਼ਸਲ ਖ਼ਰਾਬ ਹੋ ਰਹੀ ਹੈ। ਫ਼ਸਲ ਨੂੰ ਬਚਾਉਣ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਉਨ੍ਹਾਂ ਨੂੰ ਜਨਰੇਟਰ ਚਲਾਉਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਵੀ ਇਹੀ ਹਾਲਾਤ ਰਹੇ ਤਾਂ ਕਿਸਾਨ ਸੜਕਾਂ ਉੱਤੇ ਉੱਤਰ ਕੇ ਜਾਂ ਪਾਵਰਕਾਮ ਦੇ ਅਧਿਕਾਰੀਆਂ ਦਾ ਘਿਰਾਓ ਕਰ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

IMG_20220428_190756.jpg