ਅਕਾਲ ਤਖਤ ਸਾਹਿਬ ਦੇ ਆਦੇਸ਼ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘ ਨੇ ਫੜੇ ਤੰਤੀ ਸਾਜ

in #amritsar2 years ago

VideoCapture_20220527-225207.jpg ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਦੇ ਆਦੇਸ਼ ਤੋਂ ਬਾਅਦ ਰਾਗੀ ਸਿੰਘਾਂ ਨੇ ਤੰਤੀ ਸਾਜ਼ਾਂ ਦਾ ਅਭਿਆਸ ਸ਼ੁਰੂ ਕਰ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 3 ਮਈ ਨੂੰ ਹੋਏ ਪੰਥਕ ਇਕੱਠ ਵਿੱਚ ਪੰਜ ਸਿੰਘ ਸਾਹਿਬਾਨ ਨੇ ਫ਼ੈਸਲਾ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਰਮੋਨੀਅਮ ਛੱਡ ਕੇ ਪੁਰਾਤਨ ਪ੍ਰੰਪਰਾ ਅਨੁਸਾਰ ਤੰਤੀ ਸਾਜਾਂ ਤੋਂ ਕੀਰਤਨ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਸੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਤੰਤੀ ਸਾਜ਼ਾਂ ਨਾਲ ਕੀਰਤਨ ਨੂੰ ਭਾਵੇਂ ਤਿੰਨ ਸਾਲ ਦਾ ਸਮਾਂ ਲੱਗੇ ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੰਤੀ ਸਾਜ਼ਾਂ ਦੇ ਨਾਲ ਹੀ ਕੀਰਤਨ ਕੀਤਾ ਜਾਵੇ, ਹਾਰਮੋਨੀਅਮ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਕੀਤਾ ਜਾਵੇ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੱਖ ਵੱਖ ਰਾਗੀ ਸਿੰਘਾਂ ਨੇ ਹਾਰਮੋਨੀਅਮ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਕਰਨ ਦਾ ਵਿਰੋਧ ਵੀ ਜਤਾਇਆ ਹੈ, ਪਰ ਸਿੱਖਿਆ ਸਮੇਂ ਤੰਤੀ ਸਾਜ਼ਾਂ ਤੋਂ ਸਿਖਲਾਈ ਲੈ ਚੁੱਕੇ ਰਾਗੀ ਸਿੰਘ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਰਮੋਨੀਅਮ ਦੀ ਹੀ ਵਰਤੋਂ ਕਰ ਰਹੇ ਸਨ। ਜਥੇਦਾਰ ਦੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਦੇ ਆਦੇਸ਼ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਕਰਨ ਵਾਲੇ ਰਾਗੀ ਜਥਿਆਂ ਨੇ ਵੀ ਤੰਤੀ ਸਾਜ਼ਾਂ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ। ਰਾਗੀ ਸਿੰਘਾਂ ਵੱਲੋਂ ਸੋਸ਼ਲ ਮੀਡੀਆ ‘ਤੇ ਤੰਤੀ ਸਾਜ਼ਾਂ ਨਾਲ ਅਭਿਆਸ ਦੀਆਂ ਫੋਟੋਆਂ ਤੇ ਵੀਡਿਓ ਪਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਈ ਰਾਗੀ ਸਿੰਘ ਨੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਨਾ ਆਰੰਭ ਕਰ ਦਿੱਤਾ ਹੈ। ਹੁਣ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਤੰਤੀ ਸਾਜ਼ਾਂ ਤੋਂ ਕੀਰਤਨ ਕਰਨ ਦੀ ਪ੍ਰੰਪਰਾ ਨੂੰ ਕਿਤੇ ਨਾ ਕਿਤੇ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਪਿਛਲੇ ਸਮੇਂ ਵਿੱਚ ਵੀ 15 ਚੌਕਿਆਂ ਵਿੱਚੋਂ 8 ਚੌਂਕੀਆਂ ਹਾਰਮੋਨੀਅਮ ਤੇ 7 ਚੌਂਕੀਆਂ ਦਾ ਕੀਰਤਨ ਤੰਤੀ ਸਾਜ਼ਾਂ ਦੇ ਨਾਲ ਹੁੰਦਾ ਰਿਹਾ ਹੈ।
ਕੁਝ ਰਾਗੀ ਸਿੰਘਾਂ ਦਾ ਇਹ ਵੀ ਕਹਿਣਾ ਹੈ ਕਿ ਤੰਤੀ ਸਾਜ਼ਾਂ ਦੇ ਨਾਲ ਨਾਲ ਹਾਰਮੋਨੀਅਮ ਨੂੰ ਵੀ ਸ਼ਾਮਲ ਰਹਿਣ ਦਿੱਤਾ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਦੇ ਇਸ ਯਤਨ ਨੂੰ ਭਾਵੇਂ ਅਜੇ ਬੂਰ ਹੀ ਪੈਣਾ ਸ਼ੁਰੂ ਹੋਇਆ ਹੈ ਪਰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਕਾਲ ਤਖਤ ਸਾਹਿਬ ਤੋਂ ਹੋਇਆ ਆਦੇਸ਼ ਲਾਗੂ ਹੋਵੇਗਾ ਤੇ ਤੰਤੀ ਸਾਜ਼ਾਂ ਤੋਂ ਹੀ ਸੰਗਤਾਂ ਕੀਰਤਨ ਸਰਵਣ ਕਰਨਗੀਆਂ।