ਸਰਕਾਰੀ ਹਸਪਤਾਲ ’ਚ ਮਰੀਜ਼ ਤੇ ਰਿਸ਼ਤੇਦਾਰਾਂ ਵੱਲੋਂ ਮਹਿਲਾ ਡਾਕਟਰਾਂ ਨਾਲ ਬਦਸਲੂਕੀ

in #delhi2 years ago

ਹਸਪਤਾਲਾਂ ’ਚ ਡਾਕਟਰਾਂ ਤੇ ਹੋਰ ਸਟਾਫ਼ ਨਾਲ ਬਦਸਲੂਕੀ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੇ ਦਿਨੀਂ ਸਮਰਾਲਾ ਦੇ ਸਰਕਾਰੀ ਹਸਪਤਾਲ ਵਿਚ ਵੀ ਇਕ ਮਰੀਜ਼ ਵੱਲੋਂ ਡਿਊਟੀ ’ਤੇ ਹਾਜ਼ਰ 2 ਮਹਿਲਾ ਡਾਕਟਰਾਂ ਸਮੇਤ ਉੱਥੇ ਡਿਊਟੀ ਦੇ ਰਹੇ ਸਟਾਫ਼ ਮੈਂਬਰਾਂ ਨਾਲ ਬਦਸਲੂਕੀ ਅਤੇ ਗਾਲੀ-ਗਲੋਚ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੇ ਸਾਹਮਣੇ ਆਉਣ ’ਤੇ ਜਿੱਥੇ ਸਰਕਾਰੀ ਹਸਪਤਾਲਾਂ ’ਚ ਕੰਮ ਕਰਦੇ ਡਾਕਟਰਾਂ ਅਤੇ ਹੋਰ ਸਟਾਫ਼ ਵਿਚ ਰੋਸ ਦੀ ਲਹਿਰ ਹੈ, ਉੱਥੇ ਹੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਯੂਨੀਅਨ ਨੇ ਵੀ ਇਸ ’ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।ਸਿਵਲ ਹਸਪਤਾਲ ਦੀ ਮਹਿਲਾ ਡਾ. ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਉਹ ਐਮਰਜੇਂਸੀ ਵਾਰਡ ਦੀ ਡਿਊਟੀ ’ਤੇ ਸੀ। ਸ਼ਾਮ 7 ਵਜੇ ਇਕ ਐਕਸੀਡੈਂਟ ਕੇਸ ਆਇਆ ਤੇ ਉਸ ਵਿਚ ਜ਼ਖਮੀ ਮਰੀਜ਼ਾਂ ਦੀ ਉਨ੍ਹਾਂ ਅਤੇ ਹਾਜ਼ਰ ਸਟਾਫ਼ ਵੱਲੋਂ ਚੰਗੀ ਤਰ੍ਹਾਂ ਦੇਖਭਾਲ ਕੀਤੀ ਗਈ ਪਰ ਮਰੀਜ਼ ਅਤੇ ਉਸ ਦੇ ਨਾਲ ਆਏ ਇਕ ਪਰਿਵਾਰਕ ਮੈਂਬਰ ਤੇ ਕੁਝ ਔਰਤਾਂ ਨੇ ਬਦਸਲੂਕੀ ਸ਼ੁਰੂ ਕਰ ਦਿੱਤੀ। ਇੰਨੇ 'ਚ ਹੀ ਰਾਤ ਦੀ ਐਮਰਜੈਂਸੀ ਡਿਊਟੀ ਲਈ ਡਾ. ਸਾਂਚੀ ਸਾਹਾ ਵੀ ਉੱਥੇ ਆ ਗਏ ਤੇ ਇਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਨਾਲ ਵੀ ਕਾਫੀ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਬਾਕੀ ਸਟਾਫ਼ ਨਾਲ ਵੀ ਬਦਤਮੀਜ਼ੀ ਅਤੇ ਗਾਲੀ-ਗਲੋਚ ਕੀਤੀ ਗਈ।