ਖਰੜ ਦੇ ਅਰਸ਼ਦੀਪ ਸਿੰਘ ਦੀ ਭਾਰਤੀ ਟੀ-20 ਟੀਮ ਵਿੱਚ ਚੋਣ

in #punjab2 years ago

ਚੰਡੀਗੜ੍ਹ, 23 ਮਈ (ਸ.ਬ.) ਸਾਊਥ ਅਫ਼ਰੀਕਾ ਨਾਲ 9 ਜੂਨ ਤੋਂ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਲਈ ਭਾਰਤੀ ਟੀ-20 ਟੀਮ ਵਿੱਚ ਐਸ. ਡੀ. ਸੀਨੀਅਰ ਸੈਕੰਡਰੀ ਸੈਕਟਰ-24 ਕ੍ਰਿਕਟ ਅਕੈਡਮੀ ਵਿੱਚ ਅਭਿਆਸ ਕਰਨ ਵਾਲੇ ਅਤੇ ਕਿੰਗਸ ਇਲੈਵਨ ਪੰਜਾਬ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਚੋਣ ਕੀਤੀ ਗਈ ਹੈ। ਟੀਮ ਵਿੱਚ ਚੋਣ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।

ਅਰਸ਼ਦੀਪ ਦੀ ਮਾਤਾ ਬਲਜੀਤ ਕੌਰ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਨੇ ਫ਼ੋਨ ਕਰ ਕੇ ਪਰਿਵਾਰ ਨਾਲ ਟੀਮ ਵਿੱਚ ਚੁਣੇ ਜਾਣ ਦੀ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ ਇਸ ਦੀ ਜਾਣਕਾਰੀ ਨਿਊਜ਼ ਚੈਨਲਾਂ ਵੱਲੋਂ ਵੀ ਦੇਣੀ ਸ਼ੁਰੂ ਕਰ ਦਿੱਤੀ ਗਈ ਅਤੇ ਰਿਸ਼ਤੇਦਾਰਾਂ ਦੇ ਫ਼ੋਨ ਆਉਣੇ ਸ਼ੁਰੂ ਹੋ ਗਏ। ਉਨ੍ਹਾਂ ਦੀ ਮਾਤਾ ਨੇ ਕਿਹਾ ਕਿ ਇਹ ਅਰਸ਼ਦੀਪ ਦੀ ਮਿਹਨਤ ਦਾ ਫ਼ਲ ਹੈ ਕਿ ਉਹ ਭਾਰਤੀ ਟੀਮ ਵਿੱਚ ਜਗ੍ਹਾ ਬਣਾਉਣ ਵਿਚ ਸਫ਼ਲ ਹੋਇਆ।

ਭਾਰਤੀ ਟੀ-20 ਟੀਮ ਵਿੱਚ ਅਰਸ਼ਦੀਪ ਸਿੰਘ ਦੀ ਚੋਣ ਆਈ. ਪੀ. ਐਲ.-2022 ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਦੀ ਬਦੌਲਤ ਕੀਤੀ ਗਈ ਹੈ। ਆਈ. ਪੀ. ਐੱਲ. 2022 ਵਿੱਚ ਅਰਸ਼ਦੀਪ ਨੇ ਕਿੰਗਸ ਇਲੈਵਨ ਪੰਜਾਬ ਵਲੋਂ ਗੇਂਦਬਾਜ਼ੀ ਕਰਦਿਆਂ ਕਈ ਬੱਲੇਬਾਜ਼ਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਹੁਣ ਤੱਕ ਆਈ. ਪੀ. ਐਲ. ਵਿੱਚ ਖੇਡੇ ਗਏ ਮੁਕਾਬਲਿਆਂ ਵਿੱਚ ਅਰਸ਼ਦੀਪ ਨੇ ਡੈੱਥ ਓਵਰ ਵਿਚ ਯਾਰਕਰ ਮਾਰ ਕੇ ਬੱਲੇਬਾਜ਼ਾਂ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ ਹੈ।

ਅਰਸ਼ਦੀਪ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਖੁਦ ਵੀ ਕ੍ਰਿਕਟਰ ਰਹੇ ਹਨ ਅਤੇ ਮੀਡੀਅਮ ਪੇਸਰ ਗੇਂਦਬਾਜ਼ ਸਨ। ਗੁਰਦਾਸਪੁਰ ਤੋਂ ਖੇਡਦਿਆਂ ਇੰਟਰ ਸਟੇਟ ਅਤੇ ਕਟੋਚ ਸ਼ੀਲਡ ਖੇਡ ਚੁੱਕੇ ਹਨ। ਦਰਸ਼ਨ ਸਿੰਘ ਨੇ ਕਿਹਾ ਕਿ ਅਰਸ਼ਦੀਪ ਦੀ ਮਿਹਨਤ ਕਾਰਨ ਉਹ ਅੱਜ ਇਸ ਮੁਕਾਮ ਤੱਕ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਉਹ ਜੂਨੀਅਰ ਏਸ਼ੀਆ ਕੱਪ ਅਤੇ ਅੰਡਰ-19 ਵਰਲਡ ਕੱਪ ਟੀਮ ਵਿੱਚ ਵੀ ਦੇਸ਼ ਦੀ ਤਰਜਮਾਨੀ ਕਰ ਚੁੱਕਾ ਹੈ।

ਅਰਸ਼ਦੀਪ ਸਿੰਘ ਮੂਲ ਰੂਪ ਤੋਂ ਖਰੜ ਦਾ ਰਹਿਣ ਵਾਲਾ ਹੈ। ਉਸ ਨੇ ਕ੍ਰਿਕਟ ਦੇ ਆਪਣੇ ਸਫ਼ਰ ਦੀ ਸ਼ੁਰੂਆਤ ਚੰਡੀਗੜ੍ਹ ਦੀ ਸੈਕਟਰ-36 ਸਥਿਤ ਜੀ. ਐੱਨ. ਪੀ. ਐੱਸ. ਅਕੈਡਮੀ ਤੋਂ ਕੀਤੀ। ਉਸਦੀ ਮਾਂ ਬਲਜੀਤ ਕੌਰ ਨੇ ਦੱਸਿਆ ਕਿ ਉਹ ਖਰੜ ਤੋਂ ਰੋਜ਼ਾਨਾ ਸਾਈਕਲ ਤੇ ਚੰਡੀਗੜ੍ਹ ਕ੍ਰਿਕਟ ਦੀ ਟ੍ਰੇਨਿੰਗ ਲਈ ਪੁੱਜਦਾ ਸੀ ਪਰ ਹੁਣ ਉਹ ਸੈਕਟਰ-24 ਕ੍ਰਿਕਟ ਅਕੈਡਮੀ ਵਿਚ ਅਭਿਆਸ ਕਰਦਾ ਰਿਹਾ ਹੈ।

ਇਸ ਸਬੰਧੀ ਉਸ ਦੇ ਕੋਚ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਅਰਸ਼ਦੀਪ ਟੀਮ ਵਿੱਚ ਚੁਣਿਆ ਗਿਆ ਹੈ। ਅਰਸ਼ਦੀਪ ਦੇ ਚੁਣੇ ਜਾਣ ਨਾਲ ਨੌਜਵਾਨ ਕ੍ਰਿਕਟਰਾਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਮਿਲੇਗੀ। ਉਨ੍ਹਾਂ ਕਿਹਾ ਕਿ ਅਰਸ਼ਦੀਪ ਸਿੰਘ 10 ਸਾਲ ਦੀ ਉਮਰ ਵਿੱਚ ਉਨ੍ਹਾਂ ਕੋਲ ਟ੍ਰੇਨਿੰਗ ਲੈਣ ਲਈ ਆਇਆ ਸੀ। ਇਹ ਉਸਦੀ ਮਿਹਨਤ ਅਤੇ ਲਗਨ ਦਾ ਹੀ ਨਤੀਜਾ ਹੈ ਕਿ ਉਹ ਭਾਰਤੀ ਟੀਮ ਵਿੱਚ ਜਗ੍ਹਾ ਬਣਾ ਸਕਿਆ ਹੈ।312341.3.webp