ਧਰਨੇ ਦੌਰਾਨ ਕਿਸਾਨ ਨੇ ਨਿਗਲੀ ਜ਼ਹਿਰੀਲੀ ਦਵਾਈ

in #punjab2 years ago

ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ 24 ਅਗਸਤ ਤੋਂ ਧਰਨੇ 'ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵਰਕਰਾਂ ਵੱਲੋਂ ਇੱਥੇ ਡਿਪਟੀ ਕਮਿਸ਼ਨਰ ਦਫਤਰ ਦਾ ਘਿਰਾਓ ਕੀਤਾ ਗਿਆ। ਇਸ ਧਰਨੇ ਵਿੱਚ ਸ਼ਾਮਲ ਹੋਏ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਏਕੇ ਕਲਾਂ ਦੇ ਕਿਸਾਨ ਬਲਵਿੰਦਰ ਸਿੰਘ ਪੁੱਤਰ ਨਾਜਰ ਸਿੰਘ ਨੇ ਧਰਨੇ ਦੌਰਾਨ ਕਥਿਤ ਤੌਰ 'ਤੇ ਜ਼ਹਿਰੀਲੀ ਦਵਾਈ ਨਿਗਲ ਲਈ। ਜਿਸ ਦੀ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਮੌਤ ਹੋ ਗਈ।
ਕਿਸਾਨ ਮਜ਼ਦੂਰ ਆਗੂਆਂ ਅਨੁਸਾਰ ਇਸ ਕਿਸਾਨ ਨੇ ਕਥਿਤ ਤੌਰ 'ਤੇ ਡਰੱਗ ਮਾਮਲੇ ਨਾਲ ਜੁੜੇ ਜਗਦੀਸ਼ ਭੋਲਾ ਦੇ ਪਰਿਵਾਰ ਦੇ ਪੈਸੇ ਦੇਣੇ ਸਨ ਅਤੇ ਕਾਫੀ ਪੈਸੇ ਵਾਪਸ ਕਰ ਦਿੱਤੇ ਸਨ ਪਰ ਹੋਰ ਪੈਸਿਆਂ ਲਈ ਉਸ 'ਤੇ ਦਬਾਅ ਬਣਾਇਆ ਜਾ ਰਿਹਾ ਸੀ ਅਤੇ ਉਸ ਦੀ ਜ਼ਮੀਨ ਦੀ ਕੁਰਕੀ ਤੱਕ ਦੀ ਗੱਲ ਹੋ ਰਹੀ ਸੀ।
ਇਹ ਕਿਸਾਨ ਮਾਨਸਿਕ ਪ੍ਰੇਸ਼ਾਨ ਸੀ ਅਤੇ ਉਸ ਨੇ ਜ਼ਹਿਰੀਲੀ ਦਵਾਈ ਧਰਨੇ ਦੌਰਾਨ ਨਿਗਲ ਲਈ ,ਉਸ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੋਂ ਉਸ ਨੂੰ ਫਰੀਦਕੋਟ ਲਈ ਰੈਫ਼ਰ ਕਰ ਦਿੱਤਾ ਗਿਆ ਪਰ ਫ਼ਰੀਦਕੋਟ ਵਿਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।