ਖਡੂਰ ਸਾਹਿਬ: ਚੋਰ ਹੋਏ ਬੇਖ਼ੌਫ਼, ਇਕੋ ਰਾਤ 4 ਦੁਕਾਨਾਂ ਵਿਚ ਚੋਰੀ, ਘਟਨਾ ਸੀਸੀਟੀਵੀ ਵਿਚ ਕੈਦ

in #wortheum2 years ago

ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਖੇ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਚੋਰਾਂ ਨੇ ਇੱਕੋ ਰਾਤ 4 ਵੱਖ-ਵੱਖ ਦੁਕਾਨਾਂ ਦੇ ਜਿੰਦਰੇ ਭੰਨ ਕੇ ਤਿੰਨ ਕਿਲੋ ਦੇ ਕਰੀਬ ਚਾਂਦੀ ,ਇੱਕ ਏਸੀ ਦੇ ਨਾਲ-ਨਾਲ ਇਨਵਰਟਰ ਬੈਟਰਾ ਅਤੇ ਹੋਰ ਕੀਮਤੀ ਸਾਮਾਨ ਚੋਰੀ ਲਿਆ। ਘਟਨਾ ਇਕ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।ਚਾਰ ਤੋਂ ਪੰਜ ਚੋਰ ਇਕ ਚਿੱਟੇ ਰੰਗ ਦੀ ਕਾਰ ਉਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਕਾਰ ਵਿਚੋਂ ਉਤਰ ਕੇ ਬਿਨਾਂ ਕਿਸੇ ਡਰ ਖ਼ੌਫ਼ ਦੇ ਦੁਕਾਨਾਂ ਦੇ ਜਿੰਦਰੇ ਭੰਨਣੇ ਸ਼ੁਰੂ ਕਰ ਦਿੰਦੇ ਹਨ। ਸ਼ਰੇਆਮ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਚੋਰਾਂ ਨੇ ਇੱਕੋ ਰਾਤ 4 ਦੁਕਾਨਾਂ ਉਤੇ ਕਰੀਬ 5 ਘੰਟੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਪਰ ਪੁਲਿਸ ਦੇ ਦਾਅਵੇ ਖੋਖਲੇ ਨਜ਼ਰ ਆਏ। ਜਦਕਿ ਪੁਲਿਸ ਮੁਤਾਬਕ ਸਾਰੀ ਰਾਤ ਪੀਸੀਆਰ ਦੇ ਮੁਲਾਜ਼ਮ ਗਸ਼ਤ ਕਰਦੇ ਹਨ। ਪਰ ਚੋਰਾ ਨੂੰ ਪੁਲਿਸ ਦਾ ਵੀ ਕੋਈ ਖ਼ੌਫ ਨਜ਼ਰ ਨਾ ਆਇਆ। ਚੋਰ, ਚੋਰੀ ਕਰਨ ਤੋਂ ਬਾਅਦ ਅਰਾਮ ਨਾਲ ਰਫੂਚਕਰ ਹੋ ਗਏ। ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਦੁਕਾਨਦਾਰ ਵਿੱਚ ਦਹਿਸ਼ਤ ਦਾ ਮਾਹੌਲ ਵੀ ਹੈ।

ਸੁਨਿਆਰ ਦਾ ਕੰਮ ਕਰਦੇ ਦੁਕਾਨਦਾਰ ਨੇ ਦੱਸਿਆ ਕਿ ਰਾਤ ਚਾਰ ਕਾਰ ਸਵਾਰ ਲੋਕਾਂ ਨੇ ਬੜੇ ਹੀ ਅਰਾਮ ਨਾਲ ਪਹਿਲਾ ਉਹਨਾਂ ਦੁਕਾਨ ਦੇ ਜਿੰਦਰੇ ਭੰਨੇ, ਫਿਰ ਉਹ ਦੁਕਾਨ ਵਿਚੋਂ ਤਿੰਨ ਕਿੱਲੋ ਚਾਂਦੀ ਅਤੇ ਇੱਕ ਏਸੀ ਦੇ ਨਾਲ ਨਾਲ ਇਨਵਰਟਰ ਬੈਟਰਾ ਚੋਰੀ ਕਰਕੇ ਲੈ ਗਏ ਹਨ। ਉਹਨਾਂ ਦੱਸਿਆ ਕਿ ਸਾਡੀ ਦੁਕਾਨ ਦੇ ਨਾਲ ਤਿੰਨ ਹੋਰ ਵੱਖ-ਵੱਖ ਦੁਕਾਨਾਂ ਵਿਚੋਂ ਚੋਰੀ ਹੋਈ ਹੈ।

ਉਧਰ, ਮੌਕੇ ਉਤੇ ਪੁੱਜੇ ਐੱਸਐਚਓ ਸ਼ਿਵਦਰਸ਼ਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੀਸੀਟੀਵੀ ਦੀ ਵੀਡੀਓ ਦੇਖੀ ਜਾ ਰਹੀ ਹੈ ਅਤੇ ਜਲਦ ਹੀ ਚੋਰਾ ਨੂੰ ਫੜ ਲਿਆ ਜਾਵੇਗਾ।IMG_20220525_120235.jpg