ਕੰਮ ਤੋਂ ਕੱਢੇ ਅਧਿਆਪਕਾਂ ਦੇ ਮਾਮਲੇ ਨੇ ਫੜਿਆ ਤੂਲ, ਕਿਸਾਨਾਂ ਨੇ SDM ਨੂੰ ਕੀਤੀ ਦਫ਼ਤਰ ''ਚ ਬੰਦ

in #delhi2 years ago

ਆਦਰਸ਼ ਸਕੂਲ ਕਾਲੇਕੇ ’ਚੋਂ ਕੱਢੇ ਗਏ ਅਧਿਆਪਕਾਂ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਇਸ ਮੌਕੇ ਕਿਸਾਨ ਯੂਨੀਅਨ ਤੇ ਸਕੂਲ ਮੈਨੇਜਮੈਂਟ ਆਹਮੋ-ਸਾਹਮਣੇ ਹੋ ਗਈਆਂ। ਜਿਥੇ ਕਿਸਾਨਾਂ ਨੇ ਅਧਿਆਪਕਾਂ ਨੂੰ ਕੱਢਣ ਦੇ ਮਾਮਲੇ ਦੇ ਰੋਸ ਵਜੋਂ ਐੱਸ. ਡੀ. ਐੱਮ. ਦਫ਼ਤਰ ਘੇਰ ਕੇ ਐੱਸ. ਡੀ. ਐੱਮ. ਬਰਨਾਲਾ ਨੂੰ ਉਨ੍ਹਾਂ ਦੇ ਦਫ਼ਤਰ ’ਚ ਹੀ ਬੰਦ ਕਰ ਦਿੱਤਾ।ਇਸ ਦੌਰਾਨ ਸਕੂਲ ਦੇ ਐਡਮਿਨ ਅਫ਼ਸਰ ਅਤੇ ਕੌਂਸਲਰ ਵੀ ਕਿਸਾਨਾਂ ਦੇ ਘੇਰੇ ’ਚ ਆ ਗਏ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਦੇ ਆਗੂ ਜਰਨੈਲ ਸਿੰਘ ਬਦਰਾ ਨੇ ਕਿਹਾ ਕਿ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕਾਲੇਕੇ ਦੀ ਮੈਨੇਜਮੈਂਟ ਦੇ ਖ਼ਿਲਾਫ਼ ਸਾਡਾ ਸੰਘਰਸ਼ 21ਵੇਂ ਦਿਨ ’ਚ ਪੁੱਜ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰਨ ਲਈ ਐੱਸ. ਡੀ. ਐੱਮ. ਬਰਨਾਲਾ, ਡੀ. ਐੱਸ. ਪੀ. ਬਰਨਾਲਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਅਤੇ ਵੈੱਲਫੇਅਰ ਅਫ਼ਸਰ ਬਰਨਾਲਾ ਦੀ ਇਕ ਕਮੇਟੀ ਬਣਾਈ ਗਈ ਸੀ ਪਰ ਇਸ ਮਾਮਲੇ ’ਚ ਹੁਣ ਤੱਕ ਪ੍ਰਸ਼ਾਸਨ ਨੇ ਕੋਈ ਫ਼ੈਸਲਾ ਨਹੀਂ ਲਿਆ। ਮੈਨੇਜਮੈਂਟ ਵੱਲੋਂ 26 ਅਧਿਆਪਕ ਅਤੇ 8 ਦਰਜਾ ਚਾਰ ਦੇ ਕਰਮਚਾਰੀ ਕੱਢ ਦਿੱਤੇ ਗਏ। ਜਦੋਂ ਤੱਕ ਇਨ੍ਹਾਂ ਕਰਮਚਾਰੀਆਂ ਨੂੰ ਬਹਾਲ ਨਹੀਂ ਕੀਤਾ ਜਾਂਦਾ। ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।