ਝੋਨੇ ਦੀ ਲਵਾਈ ਦੇ ਰੇਟ ਨੂੰ ਲੈ ਕੇ ਖੇਤ ਮਜ਼ਦੂਰਾਂ ਦੀ ਹੋਈ ਮੀਟਿੰਗ

in #punjab2 years ago

ਪੜ੍ਹੋ ਜੁੜੋ ਸੰਘਰਸ਼ ਕਰੋ ਯੂਥ ਕਲੱਬ ਭਵਾਨੀਗੜ ਦੀ ਅਗਵਾਈ ਹੇਠ ਵੱਡੀ ਗਿਣਤੀ ਖੇਤ ਮਜ਼ਦੂਰਾਂ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਬੇਗਮਪੁਰਾ ਬਲਿਆਲ ਰੋਡ ਭਵਾਨੀਗੜ ਵਿਖੇ ਕੀਤੀ ਗਈ ਜਿਸ ਵਿਚ ਝੋਨੇ ਦੀ ਲਵਾਈ ਦੇ ਰੇਟ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮੀਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਅੰਦਰ ਮਹਿੰਗਾਈ ਦਰ ਏਨੀ ਤੇਜ਼ੀ ਨਾਲ ਵਧੀ ਹੈ ਕਿ ਮਜ਼ਦੂਰਾਂ ਦੇ ਪਰਿਵਾਰਾਂ ਦਾ ਪਾਲਣ ਪੋਸਨ ਕਰਨਾ ਮੁਸ਼ਕਿਲ ਹੋ ਚੁੱਕਾ ਹੈ। ਉਨ੍ਹਾਂ ਦਰਸ਼ਨ ਸਿੰਘ ਵਾਸੀ ਚਹਿਲਾਂ ਪੱਤੀ ਵੱਲੋਂ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਕਰਕੇ ਝੋਨਾ ਲਾਉਣ ਦਾ ਰੇਟ ਪੈਂਤੀ ਸੌ ਰੁਪਏ ਤੈਅ ਕਰ ਕੇ ਉਸ ਤੋਂ ਵੱਧ ਰੇਟ ਦੇਣ ਵਾਲੇ ਨੂੰ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਅਤੇ ਦੱਸਣ ਵਾਲੇ ਨੂੰ ਦਸ ਹਜ਼ਾਰ ਰੁਪਏ ਇਨਾਮ ਦੀ ਰਾਸ਼ੀ ਦੇਣ ਦਾ ਐਲਾਨ ਕਰਦੇ ਹੋਏ ਕਹਿਣਾ ਨਾ ਮੰਨਣ ਵਾਲੇ ਮਜ਼ਦੂਰਾਂ ਨੂੰ ਵੱਟਾਂ ਉੱਪਰ ਚੜ੍ਹਨ ਤੋਂ ਰੋਕਣ ਵਰਗੇ ਫ਼ਰਮਾਨ ਜਾਰੀ ਕਰਕੇ ਖੇਤ ਮਜ਼ਦੂਰਾਂ ਦੇ ਸਮਾਜਿਕ ਬਾਈਕਾਟ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਫੁਰਮਾਨ ਜਾਰੀ ਕਰਨ ਨਾਲ ਮਜਦੂਰਾਂ ਦੇ ਮਾਣ ਸਨਮਾਨ ਨੂੰ ਗਹਿਰੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਭਾਈਚਾਰਕ ਸਾਂਝ ਨੂੰ ਤੋੜ ਕੇ ਫ਼ਿਰਕੂ ਮਾਹੌਲ ਬਣਾੳਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਪਿੰਡਾਂ ਦਾ ਮਾਹੌਲ ਤਣਾਅਪੂਰਨ ਬਣ ਸਕਦਾ ਹੈ। ਉਨ੍ਹਾਂ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਝੋਨੇ ਦੀ ਲਵਾਈ ਦੇ ਰੇਟ ਨੂੰ ਜਿੱਥੇ ਕਿਸਾਨਾਂ ਮਜ਼ਦੂਰਾਂ ਵੱਲੋਂ ਸਾਂਝੇ ਤੌਰ ਤੇ ਬੈਠ ਕੇ ਤੈਅ ਕਰਨ ਦੀ ਗੱਲ ਨੂੰ ਤਰਜੀਹ ਦਿੱਤੀ ਉਥੇ ਪੰਜਾਬ ਸਰਕਾਰ ਤੋਂ ਵੀ ਇਹ ਮੰਗ ਕੀਤੀ ਕਿ ਸਰਕਾਰ ਆਪਣੇ ਤੌਰ ਤੇ ਮਜ਼ਦੂਰਾਂ ਦੀ ਦਿਹਾੜੀ ਅਤੇ ਝੋਨੇ ਦੀ ਲਵਾਈ ਦਾ ਰੇਟ ਵਧ ਰਹੀ ਮਹਿੰਗਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਆਪ ਦੇ ਤੌਰ 'ਤੇ ਤੈਅ ਕਰੇ ਤਾਂ ਜੋ ਪਿੰਡਾਂ ਦੀ ਭਾਈਚਾਰਕ ਸਾਂਝ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਚੌਵੀ ਮਈ ਨੂੰ ਮੁੱਖ ਮੰਤਰੀ ਨਾਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਦੀ ਹੋਣ ਵਾਲੀ ਮੀਟਿੰਗ ਵਿਚ ਜਿੱਥੇ ਪੰਚਾਇਤੀ ਜ਼ਮੀਨ ਦੇ ਮਸਲੇ ਉਪਰ ਗੱਲਬਾਤ ਕੀਤੀ ਜਾਵੇਗੀ ਉਥੇ ਦਿਹਾੜੀ ਦੇ ਰੇਟ ਵਿੱਚ ਵੀ ਸਰਕਾਰ ਦੀ ਦਖ਼ਲਅੰਦਾਜ਼ੀ ਦੀ ਮੰਗ ਕੀਤੀ ਜਾਵੇਗੀ।
ਮੀਟਿੰਗ ਤੋਂ ਬਾਅਦ ਕਲੱਬ ਪ੍ਰਧਾਨ ਬਲਵਿੰਦਰ ਸਿੰਘ, ਕੁਲਵੀਰ ਸਿੰਘ ਦਿਹਾਤੀ ਮਜਦੂਰ ਸਭਾ ਦੇ ਆਗੂ ਗੁਰਮੀਤ ਕਾਲਾਝਾੜ, ਚੰਦ ਸਿੰਘ ਰਾਮਪੁਰਾ, ਚਰਨਦਾਸ, ਕਾਕਾ ਭੱਟੀਵਾਲ, ਬਿੱਟੂ ਸਿੰਘ ਅਮ੍ਰਿਤਪਾਲ,ਬਖਸ਼ੀਸ ਰਾਏ,ਰੌਸ਼ਨ ਲਾਲ ਕਲੇਰ ਵੱਲੋਂ ਡੀਐੱਸਪੀ ਭਵਾਨੀਗੜ੍ਹ ਨੂੰ ਮਿਲ ਕੇ ਸੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਕਰਨ ਵਾਲੇ ਦੋਸ਼ੀ ਖ਼ਿਲਾਫ਼ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਜਿੱਥੇ ਡੀ ਐੱਸ ਪੀ ਦੀਪਕ ਰਾਏ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਦੋਸ਼ੀ ਖਿਲਾਫ ਕਾਰਵਾਈ ਲਈ ਡੀ ਏ ਲੀਗਲ ਦੀ ਰਾਇ ਲਈ ਲਿਖ ਕੇ ਭੇਜ ਦਿੱਤਾ ਗਿਆ ਹੈ ਅਤੇ ਮੰਗਲਵਾਰ ਤੱਕ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ। ਕਾਰਵਾਈ ਨਾ ਕਰਨ ਦੀ ਸੂਰਤ ਵਿੱਚ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਮੰਗਲਵਾਰ ਨੂੰ ਥਾਣੇ ਦਾ ਘਿਰਾਓ ਕੀਤਾ ਜਾਵੇਗਾ।2.jpg