ਦਿੱਲੀ ਸਰਕਾਰ ਸੋਮਵਾਰ ਨੂੰ ਭਰੋਸੇ ਦਾ ਮਤਾ ਲਿਆਵੇਗੀ

in #punjab2 years ago

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਕੋਈ ਵੀ ਵਿਧਾਇਕ ਬੇਮੁਖ ਨਹੀਂ ਹੋਇਆ ਤੇ ਇਹ ਗੱਲ ਸਾਬਤ ਕਰਨ ਲਈ ਆਮ ਆਦਮੀ ਪਾਰਟੀ ਸੋਮਵਾਰ ਨੂੰ ਅਸੈਂਬਲੀ ਵਿੱਚ ਭਰੋਸੇ ਮਤਾ ਲਿਆਏਗੀ। ਉਨ੍ਹਾਂ ਕਿਹਾ ਕਿ ਦਿੱਲੀ ਅਸੈਂਬਲੀ ਦੇ ਵਿਸ਼ੇਸ਼ ਸੈਸ਼ਨ ਨੂੰ ਇਕ ਦਿਨ ਲਈ ਵਧਾ ਦਿੱਤਾ ਗਿਆ ਹੈ। ਉਧਰ ਭਾਜਪਾ ਨੇ ਆਬਕਾਰੀ ਨੀਤੀ ਨੂੰ ਲੈ ਕੇ ਕੇਜਰੀਵਾਲ ਸਰਕਾਰ ਨੂੰ ਘੇਰਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ‘ਆਪ’ ਵਿਧਾਇਕਾਂ ਨੇ ਜਿੱਥੇ ‘ਖੋਖਾ ਖੋਖਾ’ ਦੇ ਨਾਅਰੇ ਲਾਏ, ਉਥੇ ਭਾਜਪਾ ਵਿਧਾਇਕਾਂ ਨੇ ‘ਧੋਖਾ ਧੋਖਾ’ ਦੇ ਨਾਅਰਿਆਂ ਨਾਲ ਜਵਾਬੀ ਹਮਲਾ ਕੀਤਾ। ਡਿਪਟੀ ਸਪੀਕਰ ਰਾਖੀ ਬਿਰਲਾ ਦੇ ਹੁਕਮਾਂ ’ਤੇ ਮਾਰਸ਼ਲਾਂ ਨੇ ਭਾਜਪਾ ਦੇ ਸਾਰੇ ਅੱਠ ਵਿਧਾਇਕਾਂ ਨੂੰ ਸਦਨ ’ਚੋਂ ਬਾਹਰ ਕੱਢ ਦਿੱਤਾ। ਇਥੇ ਦਿੱਲੀ ਵਿਧਾਨ ਸਭਾ ਵਿੱਚ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਭਰੋਸੇ ਦਾ ਮਤਾ ਲਿਆਉਣ ਦਾ ਮੁੱਖ ਮੰਤਵ ਲੋਕਾਂ ਨੂੰ ਇਹ ਵਿਖਾਉਣਾ ਹੈ ਕਿ ‘ਆਪਰੇਸ਼ਨ ਕਮਲ’ ਕੌਮੀ ਰਾਜਧਾਨੀ ਵਿੱਚ ‘ਆਪਰੇਸ਼ਨ ਚਿੱਕੜ’ ਬਣ ਗਿਆ ਹੈ। ਮੁੱਖ ਮੰਤਰੀ ਨੇ ਕਿਹਾ, ‘‘ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਉਨ੍ਹਾਂ ਸਾਡੇ ਕੁਝ ਵਿਧਾਇਕਾਂ ਨੂੰ ਤੋੜ ਲਿਆ ਹੈ। ਮੈਨੂੰ ਫੋਨ ਆਉਂਦੇ ਹਨ, ਲੋਕ ਪੁੱਛਦੇ ਹਨ ਕਿ ਕੀ ਸਭ ਕੁਝ ਠੀਕ ਹੈ। ਮੈਂ ਸਦਨ ਵਿੱਚ ਭਰੋਸੇ ਦਾ ਮਤਾ ਲਿਆਵਾਂਗਾ, ਤਾਂ ਕਿ ਲੋਕਾਂ ਨੂੰ ਇਹ ਵਿਖਾ ਸਕਾਂ ਕਿ ਇਕ ਵੀ ‘ਆਪ’ ਵਿਧਾਇਕ ਉਧਰ ਨਹੀਂ ਗਿਆ ਤੇ ਭਾਜਪਾ ਦਾ ‘ਆਪਰੇਸ਼ਨ ਕਮਲ’ ਇਥੇ ‘ਆਪਰੇਸ਼ਨ ਚਿੱਕੜ’ ਬਣ ਕੇ ਰਹਿ ਗਿਆ ਹੈ।’’ ਕੇੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਹੁਣ ਤੱਕ ਪੂਰੇ ਦੇਸ਼ ਭਰ ’ਚੋਂ 277 ਵਿਧਾਇਕ ਖਰੀਦ ਚੁੱਕੀ ਹੈ। ‘ਆਪ’ ਸੁਪਰੀਮੋ ਨੇ ਕਿਹਾ ਕਿ ਸੀਬੀਆਈ ਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਛਾਪੇ ਦੌਰਾਨ ਇੱਕ ਪੈਸਾ ਵੀ ਨਹੀਂ ਮਿਲਿਆ। ਉਨ੍ਹਾਂ ਅਸੈਂਬਲੀ ਵਿਚ ਕਿਹਾ ਕਿ ਭਾਜਪਾ ਵਾਲੇ ਹੁਣ ਦਿੱਲੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਹੁਣ ਦਿੱਲੀ ਦੇ ਸਕੂਲਾਂ ਤੇ ਹਸਪਤਾਲਾਂ ਵਿੱਚ ਚੱਲ ਰਹੇ ਚੰਗੇ ਕੰਮਾਂ ਨੂੰ ਰੋਕਣ ਲਈ ਜਾਂਚ ਵਿੱਢੀ ਹੈ। ਉਧਰ ਭਾਜਪਾ ਵਿਧਾਇਕਾਂ ਨੇ ਆਬਕਾਰੀ ਨੀਤੀ ਨੂੰ ਲੈ ਕੇ ਕੇਜਰੀਵਾਲ ਸਰਕਾਰ ਨੂੰ ਸਵਾਲ ਕੀਤੇ। ਭਾਜਪਾ ਵਿਧਾਇਕਾਂ ਨੇ ਨਾਅਰੇਬਾਜ਼ੀ ਕੀਤੀ।