ਵਾਦੀ 'ਚ ਕਸ਼ਮੀਰੀ ਪੰਡਤਾਂ 'ਤੇ ਫਿਰ ਹਮਲਾ

in #punjab2 years ago

ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਇਕ ਕਸ਼ਮੀਰੀ ਪੰਡਤ ਦੀ ਹੱਤਿਆ ਕਰ ਦਿੱਤੀ ਹੈ। ਸ਼ੋਪੀਆਂ 'ਚ ਅੱਤਵਾਦੀਆਂ ਨੇ ਕਸ਼ਮੀਰੀ ਪੰਡਤਾਂ ਨੂੰ ਨਿਸ਼ਾਨਾ ਬਣਾਇਆ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ।
ਕਸ਼ਮੀਰ ਜ਼ੋਨ ਦੀ ਪੁਲਿਸ ਅਨੁਸਾਰ ਦੋਵੇਂ ਵਿਅਕਤੀ ਸੂਬੇ ਦੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਹਨ। ਜ਼ਖਮੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸ਼ੋਪੀਆਂ ਦੇ ਚੋਟੀਪੁਰਾ ਇਲਾਕੇ 'ਚ ਸੇਬ ਦੇ ਬਾਗ 'ਚ ਅੱਤਵਾਦੀਆਂ ਨੇ ਗੋਲੀਬਾਰੀ ਕਰਕੇ ਪੰਡਤਾਂ ਨੂੰ ਨਿਸ਼ਾਨਾ ਬਣਾਇਆ।ਪੁਲਿਸ ਦੇ ਬੁਲਾਰੇ ਨੇ ਦੱਸਿਆ,''ਸ਼ੋਪੀਆਂ ਜ਼ਿਲ੍ਹੇ ਦੇ ਚੋਟੀਪੁਰਾ 'ਚ ਸੇਬ ਦੇ ਬਾਗ 'ਚ ਅੱਤਵਾਦੀਆਂ ਨੇ ਨਾਗਰਿਕਾਂ 'ਤੇ ਹਮਲਾ ਕੀਤਾ। ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਜ਼ਖਮੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਵਿਸਤ੍ਰਿਤ ਜਾਣਕਾਰੀ ਜਲਦੀ ਹੀ ਪ੍ਰਦਾਨ ਕੀਤੀ ਜਾਵੇਗੀ।"
ਕਸ਼ਮੀਰ ਘਾਟੀ 'ਚ ਪਿਛਲੇ ਇਕ ਹਫਤੇ 'ਚ ਹਮਲੇ ਵਧੇ ਹਨ। ਐਤਵਾਰ ਨੂੰ ਨੌਹੱਟਾ ਵਿੱਚ ਇੱਕ ਪੁਲਿਸ ਮੁਲਾਜ਼ਮ ਅਤੇ ਪਿਛਲੇ ਹਫ਼ਤੇ ਬਾਂਦੀਪੋਰਾ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਸੀ। ਬਡਗਾਮ ਅਤੇ ਸ਼੍ਰੀਨਗਰ ਜ਼ਿਲਿਆਂ 'ਚ ਸੋਮਵਾਰ ਨੂੰ ਦੋ ਗ੍ਰਨੇਡ ਹਮਲੇ ਕੀਤੇ ਗਏ।
ਪਿਛਲੇ ਦੋ ਦਿਨਾਂ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਸ਼ਹੀਦ ਹੋ ਚੁੱਕੇ ਹਨ। ਇਸ ਤੋਂ ਇਲਾਵਾ ਇੱਕ ਹੋਰ ਪੁਲਿਸ ਮੁਲਾਜ਼ਮ ਜ਼ਖਮੀ ਹੈ।