1947 ਦੀ ਵੰਡ ਸਮੇਂ ਮਾਰੇ ਗਏ ਲੱਖਾਂ ਪੰਜਾਬੀਆਂ ਦੀ ਯਾਦ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ

in #punjab2 years ago

1947 ’ਚ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਜਾਨਾਂ ਗਵਾਉਣ ਵਾਲੇ ਲੱਖਾਂ ਪੰਜਾਬੀਆਂ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਯਾਦ ਕੀਤਾ ਗਿਆ। ਇਸ ਸਬੰਧੀ ਵਿਸ਼ੇਸ਼ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਹੋਇਆ, ਜਿਸ ਵਿਚ ਦੇਸ਼ ਵੰਡ ਦੌਰਾਨ ਮਾਰੇ ਗਏ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਵੰਡ ਦੌਰਾਨ ਜਾਨਾਂ ਗਵਾਉਣ ਵਾਲੇ ਅਤੇ ਉਜਾੜੇ ਦਾ ਦਰਦ ਹੰਢਾਉਣ ਵਾਲੇ ਲੱਖਾਂ ਲੋਕਾਂ ਪ੍ਰਤੀ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਸੰਸਦ ਵਿਚ ਸ਼ੋਕ ਮਤੇ ਪਾਸ ਕਰਨ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ 75ਵੀਂ ਵਰ੍ਹੇਗੰਢ ਮਨਾਉਂਦਿਆਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਉਜਾੜੇ ਦਾ ਸਿਤਮ ਹੰਢਾਉਣ ਵਾਲੇ ਲੋਕਾਂ ਨੂੰ ਪਾਰਲੀਮੈਂਟ ਅੰਦਰ ਯਾਦ ਕਰਦੀਆਂ ਅਤੇ ਆਪਣੇ ਆਪ ਸ਼ੋਕ ਮਤੇ ਲਿਆਉਂਦੀਆਂ, ਪਰ ਸਰਕਾਰਾਂ ਨੇ ਇਹ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਸ਼ੋਕ ਮਤੇ ਜ਼ਰੂਰ ਪਾਸ ਕਰਨੇ ਚਾਹੀਦੇ ਹਨ ਅਤੇ ਇਸ ਦੇ ਨਾਲ ਹੀ 1947 ਤੋਂ ਪਹਿਲਾਂ ਜਨਮ ਲੈਣ ਵਾਲੇ ਲੋਕਾਂ ਨੂੰ ਆਪਣੀ ਜਨਮ ਭੂਮੀ ਅਤੇ ਧਾਰਮਿਕ ਅਸਥਾਨਾਂ ’ਤੇ ਜਾਣ ਲਈ ਖੁੱਲ੍ਹਦਿਲੀ ਨਾਲ ਵੀਜਿਆਂ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 1947 ਦੀ ਦੇਸ਼ ਵੰਡ ਮੌਕੇ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਨੂੰ ਸਹਿਣਾ ਪਿਆ ਅਤੇ ਇਸ ਤੋਂ ਇਲਾਵਾ ਬੰਗਾਲੀਆਂ ਨੂੰ ਵੀ ਵੱਡੀ ਮਾਰ ਝੱਲਣੀ ਪਈ। ਅੰਗਰੇਜ਼ਾਂ ਖਿਲਾਫ ਪੰਜਾਬ ਤੇ ਬੰਗਾਲ ਦੇ ਲੋਕਾਂ ਨੇ ਸਭ ਤੋਂ ਵੱਧ ਜਦੋਜਹਿਦ ਕੀਤੀ, ਆਪਣੀਆਂ ਜਾਇਦਾਦਾਂ ਕੁਰਕ ਕਰਵਾਈਆਂ ਅਤੇ ਕੁਰਬਾਨੀਆਂ ਦਿੱਤੀਆਂ। ਪਰੰਤੂ ਆਜ਼ਾਦੀ ਸਮੇਂ ਇਨ੍ਹਾਂ ਦੋਹਾਂ ਸੂਬਿਆਂ ਨੂੰ ਹੀ ਤੋੜ ਦਿੱਤਾ ਗਿਆ। Important-Details-About-Akal-Takht-In-Amritsar.webp