ਦਿੱਲੀ 'ਚ ਤੇਜ਼ ਰਫ਼ਤਾਰ ਦਾ ਕਹਿਰ; ਸੜਕ ਕੰਢੇ ਸੁੱਤੇ ਲੋਕਾਂ 'ਤੇ ਚੜ੍ਹਿਆ ਟਰੱਕ, 4 ਨੇ ਮੌਕੇ 'ਤੇ ਦਮ ਤੋੜਿਆ
ਦੇਸ਼ ਦੀ ਰਾਜਧਾਨੀ ਦਿੱਲੀ ਦੇ ਸੀਮਾਪੁਰੀ ਇਲਾਕੇ 'ਚ ਬੀਤੀ ਰਾਤ ਤੇਜ਼ ਰਫਤਾਰ ਦਾ ਕਹਿਰ ਵੇਖਣ ਨੂੰ ਮਿਲਿਆ, ਜਿਥੇ ਇਕ ਬੇਕਾਬੂ ਟਰੱਕ ਨੇ ਸੜਕ ਕਿਨਾਰੇ ਸੁੱਤੇ ਪਏ 6 ਲੋਕਾਂ ਨੂੰ ਦਰੜ ਦਿੱਤਾ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸੀਮਾਪੁਰੀ ਵਿੱਚ ਡੀਟੀਸੀ ਡਿਪੂ ਰੈੱਡਲਾਈਟ ਨੇੜੇ ਵਾਪਰੀ।
ਇਹ ਘਟਨਾ ਬੁੱਧਵਾਰ ਦੇਰ ਰਾਤ ਕਰੀਬ 2 ਵਜੇ ਵਾਪਰੀ, ਜਦੋਂ ਤੇਜ਼ ਰਫਤਾਰ ਟਰੱਕ ਨੇ ਸੜਕ ਦੇ ਡਿਵਾਈਡਰ 'ਤੇ ਸੁੱਤੇ ਪਏ 6 ਲੋਕਾਂ ਨੂੰ ਦਰੜ ਦਿੱਤਾ, ਜਿਨ੍ਹਾਂ 'ਚੋਂ 4 ਦੀ ਮੌਤ ਹੋ ਗਈ ਅਤੇ ਦੋ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।