ਆਨੰਦਪੁਰ ਸਾਹਿਬ ਵਿੱਚ ‘ਵੰਦੇ ਭਾਰਤ ਐਕਸਪ੍ਰੈੱਸ’ ਦਾ ਭਰਵਾਂ ਸਵਾਗਤ

in #delhi2 years ago

ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਊਨਾ ਤੇ ਨਵੀਂ ਦਿੱਲੀ ਦਰਮਿਆਨ ਅੱਜ ਸ਼ੁਰੂ ਹੋਈ ਰੇਲ ਗੱਡੀ ‘ਵੰਦੇ ਭਾਰਤ ਐਕਸਪ੍ਰੈੱਸ’ ਦਾ ਆਨੰਦਪੁਰ ਸਾਹਿਬ ਦੇ ਸਟੇਸ਼ਨ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਰੇਲ ਗੱਡੀ ਨੂੰ ਊਨਾ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ, ਜਿਸ ’ਚ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਸਵਾਰ ਸਨ। ਇਸ ਰੇਲ ਗੱਡੀ ਦਾ ਸ੍ਰੀ ਆਨੰਦਪੁਰ ਸਾਹਿਬ ਪੁੱਜਣ ’ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੇ ਹੋਰ ਆਗੂਆਂ ਨੇ ਸਵਾਗਤ ਕੀਤਾ। ਇਹ ਆਗੂ ਇਥੋਂ ਰੇਲ ਵਿੱਚ ਸਵਾਰ ਹੋ ਕੇ ਨਵੀਂ ਦਿੱਲੀ ਪੁੱਜੇ। ਭਾਜਪਾ ਆਗੂਆਂ ਨੇ ਕੇਂਦਰ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸ੍ਰੀ ਲਾਲਪੁਰਾ ਤੇ ਅਸ਼ਵਨੀ ਸ਼ਰਮਾ ਨੇ ਇਸ ਰੇਲ ਨੂੰ ਚਲਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪੂਰੀ ਕੈਬਨਿਟ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਰੇਲ ਗੱਡੀ ਪੰਜਾਬ ਦੇ ਆਮ ਲੋਕਾਂ ਅਤੇ ਵਪਾਰੀਆਂ ਲਈ ਕਾਫੀ ਲਾਹੇਵੰਦ ਸਾਬਤ ਹੋਵੇਗੀ। ਇਸ ਰੇਲ ਗੱਡੀ ਨੂੰ ਦੇਖਣ ਲਈ ਰੇਲਵੇ ਸਟੇਸ਼ਨ ’ਤੇ ਲੋਕਾਂ ਦੀ ਕਾਫੀ ਭੀੜ ਸੀ।