PM ਮੋਦੀ ਦੀ ਪੰਜਾਬ ਫੇਰੀ ਅੱਜ, ਕੈਂਸਰ ਹਸਪਤਾਲ ਦਾ ਕਰਨਗੇ ਉਦਘਾਟਨ
ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 24 ਅਗਸਤ ਨੂੰ ਮੁਹਾਲੀ ਦੇ ਮੁੱਲਾਂਪੁਰ ’ਚ ਨਵੇਂ ਬਣੇ ਕੈਂਸਰ ਹਸਪਤਾਲ ਦਾ ਉਦਘਾਟਨ ਕਰਨ ਆ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਮੁੱਲਾਂਪੁਰ ਦੇ ਨਿਊ ਚੰਡੀਗੜ੍ਹ ’ਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਫਿਰੋਜ਼ਪੁਰ ਘਟਨਾ ਤੋਂ ਸਬਕ ਲੈ ਕੇ ਪੰਡਾਲ 'ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਪੰਡਾਲ ਦੇ ਅੰਦਰ ਦਾਖਲ ਹੋਣ ਲਈ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ। ਪਾਣੀ ਦੀ ਬੋਤਲ,ਕਿਸੇ ਵੀ ਤਰ੍ਹਾਂ ਦਾ ਬੈਗ ਵੀ ਅੰਦਰ ਨਹੀਂ ਲਿਜਾ ਸਕਦੇ।
ਜਾਣਕਾਰੀ ਅਨੁਸਾਰ ਸਟੇਜ 'ਤੇ ਪ੍ਰਧਾਨ ਮੰਤਰੀ ਨਾਲ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ ਬੈਠਣਗੇ। ਭਾਜਪਾ ਦੇ ਗੁਰਮੀਤ ਸਿੰਘ ਸੋਢੀ , ਕੇਵਲ ਸਿੰਘ ਢਿਲੋਂ, ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ਼ ਚਾਵਲਾ ਵੀ ਪੰਡਾਲ 'ਚ ਪੁੱਜ ਚੁੱਕੇ ਹਨ।