ਕੈਲੀਫੋਰਨੀਆ ’ਚ ਅਗਵਾ ਪਰਿਵਾਰ ਦੇ ਪੰਜਾਬ ਰਹਿੰਦੇ ਮੈਂਬਰ ਸਦਮੇ ’ਚ

in #delhi2 years ago

ਅਮਰੀਕੀ ਰਾਜ ਕੈਲੀਫੋਰਨੀਆ ਵਿਚ ਅਗਵਾ ਕੀਤੇ ਗਏ ਸਿੱਖ ਪਰਿਵਾਰ ਦੇ ਪੰਜਾਬ ਰਹਿੰਦੇ ਮੈਂਬਰ ਸਦਮੇ ਵਿਚ ਹਨ। ਜ਼ਿਕਰਯੋਗ ਹੈ ਕਿ ਉੱਥੇ ਅੱਠ ਸਾਲਾਂ ਦੀ ਇਕ ਬੱਚੀ ਸਣੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕਰ ਲਿਆ ਗਿਆ ਸੀ। ਇਹ ਸਿੱਖ ਪਰਿਵਾਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਹੈ। ਅਮਰੀਕੀ ਪੁਲੀਸ ਨੇ ਇਸ ਮਾਮਲੇ ਵਿਚ 48 ਸਾਲਾਂ ਦੇ ਇਕ ਵਿਅਕਤੀ ਨੂੰ ਸ਼ੱਕ ਦੇ ਅਧਾਰ ’ਤੇ ਹਿਰਾਸਤ ਵਿਚ ਲਿਆ ਹੈ ਜੋ ਕਿ ਗੰਭੀਰ ਜ਼ਖ਼ਮੀ ਹੈ। ਜਦਕਿ ਪਰਿਵਾਰ ਦਾ ਹਾਲੇ ਤੱਕ ਕੋਈ ਥਹੁ-ਪਤਾ ਨਹੀਂ ਲੱਗ ਸਕਿਆ ਹੈ। ਅਗਵਾ ਮੈਂਬਰਾਂ ਵਿਚੋਂ ਇਕ ਦਾ ਵਾਹਨ ਸੋਮਵਾਰ ਰਾਤ ਪੁਲੀਸ ਨੂੰ ਅੱਗ ਨਾਲ ਸਾੜਿਆ ਹੋਇਆ ਮਿਲਿਆ ਸੀ। ਪਰਿਵਾਰ ਨੂੰ ਸੋਮਵਾਰ ਮਰਸਿਡ ਕਾਊਂਟੀ ’ਚੋਂ ਅਗਵਾ ਕੀਤਾ ਗਿਆ ਸੀ। ਅੱਠ ਸਾਲਾਂ ਦੀ ਬੱਚੀ ਅਰੂਹੀ ਢੇਰੀ, ਉਸ ਦੀ 27 ਸਾਲਾ ਮਾਂ ਜਸਲੀਨ ਕੌਰ, 36 ਸਾਲਾ ਪਿਤਾ ਜਸਦੀਪ ਸਿੰਘ ਤੇ 39 ਸਾਲਾ ਤਾਇਆ ਅਮਨਦੀਪ ਸਿੰਘ ਲਾਪਤਾ ਹਨ। ਇਕ ਖ਼ਬਰ ਮੁਤਾਬਕ ਪੁਲੀਸ ਨੂੰ ਮੰਗਲਵਾਰ ਸਵੇਰੇ ਸੂਚਨਾ ਮਿਲੀ ਸੀ ਕਿ ਪਰਿਵਾਰ ਦੇ ਮੈਂਬਰਾਂ ਵਿਚੋਂ ਇਕ ਦਾ ਬੈਂਕ ਕਾਰਡ ਮਰਸਿਡ ਕਾਊਂਟੀ ਦੇ ਐਟਵਾਟਰ ਵਿਚ ਵਰਤਿਆ ਗਿਆ ਹੈ। ਇਸ ਤੋਂ ਬਾਅਦ ਜਾਂਚਕਰਤਾਵਾਂ ਨੇ ਇਕ ਵਿਅਕਤੀ ਦੀ ਫੋਟੋ ਹਾਸਲ ਕੀਤੀ ਜੋ ਬੈਂਕ ਵਿਚੋਂ ਪੈਸੇ ਕਢਵਾ ਰਿਹਾ ਸੀ। ਉਸ ਦਾ ਹੁਲੀਆ ਅਗਵਾ ਵਾਲੇ ਘਟਨਾ ਸਥਾਨ ਦੀ ਫੋਟੋ ਵਿਚਲੇ ਵਿਅਕਤੀ ਨਾਲ ਮੇਲ ਖਾਂਦਾ ਸੀ। ਪੁਲੀਸ ਨੇ ਸ਼ੱਕੀ ਵਿਅਕਤੀ ਦੀ ਸ਼ਨਾਖ਼ਤ ਜੀਸਸ ਮੈਨੂਏਲ ਸੈਲਗਾਡੋ ਵਜੋਂ ਕੀਤੀ ਸੀ ਪਰ ਉਸ ਨੇ ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਖ਼ੁਦ ਨੂੰ ਗੋਲੀ ਮਾਰ ਲਈ। ਉਹ ਪੁਲੀਸ ਹਿਰਾਸਤ ਵਿਚ ਹੈ ਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।