ਸਰਪੰਚ ਦੀ ਮੌਤ: ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਹੋਣ ਕਾਰਨ ਧਰਨਾ

in #delhi2 years ago

ਅਮਲੋਹ ਸਬ ਡਿਵੀਜ਼ਨ ਦੇ ਪਿੰਡ ਬਡਗੁੱਜਰਾ ਦੇ ਸਰਪੰਚ ਬਲਕਾਰ ਸਿੰਘ ਦੇ ਖੁਦਕੁਸ਼ੀ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਅੱਜ ਬਲਾਕ ਅਮਲੋਹ ਦੇ ਦਰਜਨਾਂ ਪਿੰਡਾਂ ਦੇ ਪੰਚਾਂ, ਸਰਪੰਚਾਂ, ਮਗਨਰੇਗਾ ਕਾਮਿਆਂ ਅਤੇ ਕਾਂਗਰਸ ਵਰਕਰਾਂ ਨੇ ਮੰਡੀ ਗੋਬਿੰਦਗੜ੍ਹ ਦੇ ਮੁੱਖ ਚੌਕ ਵਿੱਚ ਧਰਨਾ ਲਗਾਇਆ।ਪੰਜ ਘੰਟੇ ਦੇ ਕਰੀਬ ਚੱਲੇ ਇਸ ਧਰਨੇ ਵਿੱਚ ਤਹਿਸੀਲਕਾਰ ਅਮਲੋਹ ਅੰਕਿਤਾ ਅਗਰਵਾਲ, ਉੱਪ ਕਪਤਾਨ ਪੁਲੀਸ ਗੁਰਬੰਸ ਸਿੰਘ ਬੈਂਸ ਅਤੇ ਜੰਗਜੀਤ ਸਿੰਘ ਰੰਧਾਵਾ ਵੱਲੋਂ 15 ਦਿਨਾਂ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ, ਪੰਚਾਇਤ ਅਫ਼ਸਰ ਦਾ ਮੁਅੱਤਲੀ ਦਾ ਮਾਮਲਾ ਉੱਚ ਅਧਿਕਾਰੀਆਂ ਨੂੰ ਭੇਜਣ ਅਤੇ ਬਾਕੀ ਮੰਗਾਂ ਬਾਰੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਪੰਚਾਇਤ ਯੂਨੀਅਨ ਨੇ ਧਰਨਾ ਸਮਾਪਤ ਕਰ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ 10 ਦਿਨ ਵਿੱਚ ਇਨਸਾਫ਼ ਨਾ ਮਿਲਿਆ ਤਾਂ ਇੱਥੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਸਰਪੰਚ ਯੂਨੀਅਨ ਦੇ ਸੂਬਾਈ ਪ੍ਰਧਾਨ ਦਵਿੰਦਰ ਸਿੰਘ ਰੋਮੀ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ, ਪਰਿਵਾਰ ਨੂੰ 20 ਲੱਖ ਦਾ ਬਣਦਾ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਬੁਲਾਰਿਆਂ ਨੇ ਅਮਲੋਹ ਬਲਾਕ ਦੇ ਪਿੰਡ ਰਾਮਗੜ੍ਹ, ਦੀਵਾ ਗੰਢੂਆਂ ਅਤੇ ਲੱਲੋਂ ਖੁਰਦ ਦੇ ਸਰਪੰਚਾਂ ਨੂੰ ਪੰਚਾਇਤੀ ਵਿਭਾਗ ਵੱਲੋਂ ਬਗ਼ੈਰ ਸੁਣਵਾਈ ਕੀਤੇ ਮੁਅੱਤਲ ਕਰਨ ਦੇ ਫ਼ੈਸਲੇ ਦੀ ਆਲੋਚਨਾ ਕੀਤੀ।