ਪੀਐਮ ਮੋਦੀ ਦੇ ਉਦਘਾਟਨ ਤੋਂ ਪਹਿਲਾਂ ਮਜੀਠੀਆ ਨੇ ਦਿੱਤੀ ਸਮੂਹ ਪੰਜਾਬੀਆਂ ਨੂੰ ਵਧਾਈ
ਚੰਡੀਗੜ੍ਹ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ 'ਤੇ ਹਨ। ਉਹ ਨਿਊ ਚੰਡੀਗੜ੍ਹ ਮੁੱਲਾਂਪੁਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ। ਕੈਂਸਰ ਨਾਲ ਜੂਝ ਰਹੇ ਪੰਜਾਬ ਦੇ ਮਾਲਵਾ ਖੇਤਰ ਲਈ ਇਹ ਹਸਪਤਾਲ ਵੱਡੀ ਰਾਹਤ ਸਾਬਤ ਹੋਵੇਗਾ।
ਦੌਰਾਨ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਅੱਜ ਉਸ ਸਪਨੇ ਦੇ ਪੂਰੇ ਹੋਣ ਦੀ ਵਧਾਈ, ਜਿਸ ਦੀ ਸ਼ੁਰੂਆਤ 30 ਦਸੰਬਰ 2013 ਵਿੱਚ ਹੋਮੀ ਭਾਭਾ ਕੈਂਸਰ ਰਿਸਰਚ ਸੈਂਟਰ ਦੇ ਰੂਪ ਵਿੱਚ ਉਸ ਸਮੇਂ ਦੀ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਮੁੱਚੀ ਪਾਰਟੀ ਵੱਲੋਂ ਅਨੇਕਾਂ ਵਿਸ਼ਵ-ਪੱਧਰੀ ਕੈਂਸਰ ਹਸਪਤਾਲਾਂ ਦਾ ਦੇਸ਼- ਵਿਦੇਸ਼ ਵਿੱਚ ਨਰੀਖਣ ਕਰਨ ਤੋਂ ਬਾਅਦ ਅਕਾਲੀ ਸਰਕਾਰ ਵੱਲੋਂ ਵਸਾਏ ਗਏ ਨਿਊ ਚੰਡੀਗੜ੍ਹ ਦੇ ਖੂਬਸੂਰਤ ਇਲਾਕੇ ਵਿੱਚ ਪੰਜਾਬ ਸਰਕਾਰ ਵੱਲੋਂ ਇਸ ਹਸਪਤਾਲ ਲਈ 50 ਏਕੜ ਜ਼ਮੀਨ ਅਲਾਟ ਕੀਤੀ ਗਈ।