ਨਵੀਂ ਭਰਤੀ ’ਤੇ ਲੱਗੀ ਬ੍ਰੇਕ: ਸਸਪੈਂਡ ਚੱਲ ਰਹੇ 400 ਕਰਮਚਾਰੀ, ਡਿਪੂਆਂ ’ਚ ਧੂੜ ਫੱਕ ਰਹੀਆਂ 650 ਬੱਸਾਂ

in #punjab2 years ago

ਜਲੰਧਰ (ਪੁਨੀਤ)-ਰੋਡਵੇਜ਼-ਪਨਬੱਸ ਤੇ ਪੀ. ਆਰ. ਟੀ. ਸੀ. ਦੇ ਡਿਪੂਆਂ ’ਚ 650 ਦੇ ਲਗਭਗ ਬੱਸਾਂ ਧੂੜ ਫੱਕ ਰਹੀਆਂ ਹਨ, ਜਦਕਿ ਮਹਿਕਮੇ ਦੇ 400 ਤੋਂ ਵੱਧ ਕਰਮਚਾਰੀ ਵੱਖ-ਵੱਖ ਕੇਸਾਂ ’ਚ ਸਸਪੈਂਡ ਚੱਲ ਰਹੇ ਹਨ। ਇਨ੍ਹਾਂ ਹਾਲਾਤ ਕਾਰਨ ਉਕਤ ਬੱਸਾਂ ਨੂੰ ਚਲਾਉਣ ਲਈ ਸਟਾਫ਼ ਉਪਲੱਬਧ ਨਹੀਂ ਹੈ। ਮਹਿਕਮੇ ਨੇ ਪਿਛਲੇ ਸਮੇਂ ਦੌਰਾਨ ਨਵੀਂ ਭਰਤੀ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਪਰ ਰੋਡਵੇਜ਼-ਪਨਬੱਸ ਅਤੇ ਪੀ. ਆਰ. ਟੀ. ਸੀ. ਯੂਨੀਅਨ ਨੇ ਇਸ ਦਾ ਵਿਰੋਧ ਕੀਤਾ। ਯੂਨੀਅਨ ਦਾ ਕਹਿਣਾ ਹੈ ਕਿ ਨਵੀਂ ਭਰਤੀ ਕਰਨ ਤੋਂ ਪਹਿਲਾਂ ਕੱਚੇ ਸਟਾਫ਼ ਨੂੰ ਪੱਕਾ ਕੀਤਾ ਜਾਵੇ ਅਤੇ ਸਸਪੈਂਡ ਕਰਮਚਾਰੀ ਬਹਾਲ ਹੋਣ, ਨਹੀਂ ਤਾਂ ਉਹ ਨਵੇਂ ਸਟਾਫ਼ ਨੂੰ ਕੰਮ ਨਹੀਂ ਕਰਨ ਦੇਣਗੇ। ਇਸ ਵਿਰੋਧ ਕਾਰਨ ਨਵੀਂ ਭਰਤੀ ’ਤੇ ਬ੍ਰੇਕ ਲੱਗ ਗਈ। ਕਰੋੜਾਂ ਰੁਪਏ ਦੇ ਵਿੱਤੀ ਘਾਟੇ ਦੇ ਰੂਪ ’ਚ ਇਸ ਦਾ ਖਮਿਆਜ਼ਾ ਮਹਿਕਮੇ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਬੱਸਾਂ ਦੀ ਘਾਟ ਕਾਰਨ ਮੁਸਾਫ਼ਿਰਾਂ ਨੂੰ ਪਰੇਸ਼ਾਨੀ ਉਠਾਉਣੀ ਪੈ ਰਹੀ ਹੈ।

ਟਰਾਂਸਪੋਰਟ ਮਹਿਕਮੇ ਵੱਲੋਂ ਪਿਛਲੀ ਸਰਕਾਰ ਦੇ ਕਾਰਜਕਾਲ ਦੇ ਆਖਰੀ ਮਹੀਨਿਆਂ ਦੌਰਾਨ ਪਨਬੱਸ-ਪੀ. ਆਰ. ਟੀ. ਸੀ. ’ਚ 842 ਨਵੀਆਂ ਬੱਸਾਂ ਪਾ ਕੇ ਫਲੀਟ ’ਚ ਵਾਧਾ ਕੀਤਾ ਗਿਆ, ਪਰ ਉਸ ਸਮੇਂ ਸਟਾਫ ਦੀ ਭਰਤੀ ਨਹੀਂ ਹੋ ਸਕੀ। ਸਰਕਾਰ ਉਸ ਸਮੇਂ ਨਵੀਂ ਭਰਤੀ ਕਰਦੀ ਤਾਂ ਉਸ ਦਾ ਵਿਰੋਧ ਹੋਣਾ ਸੀ, ਇਸ ਲਈ ਸਰਕਾਰ ਨੇ ਝਮੇਲੇ ਤੋਂ ਬਚਣ ਅਤੇ ਆਪਣੀ ਪਿੱਠ ਥਪਥਪਾਉਣ ਲਈ ਨਵੀਆਂ ਬੱਸਾਂ ਨੂੰ ਰੂਟਾਂ ’ਤੇ ਉਤਾਰ ਦਿੱਤਾ ਅਤੇ ਪੁਰਾਣੀਆਂ ਬੱਸਾਂ ਨੂੰ ਡਿਪੂਆਂ ’ਚ ਖੜ੍ਹਾ ਕਰ ਦਿੱਤਾ ਗਿਆ। ਜਿਹੜੀਆਂ ਬੱਸਾਂ ਡਿਪੂਆਂ ’ਚ ਖੜ੍ਹੀਆਂ ਕੀਤੀਆਂ ਗਈਆਂ, ਉਨ੍ਹਾਂ ਦਾ ਟੈਕਸ ਵੀ ਵਿਭਾਗ ਵੱਲੋਂ ਅਦਾ ਕੀਤਾ ਜਾ ਚੁੱਕਿਆ ਸੀ। ਉਕਤ ਬੱਸਾਂ ਨੂੰ ਖੜ੍ਹਾ ਕਰਨ ਕਾਰਨ ਅਦਾ ਕੀਤੇ ਗਏ ਟੈਕਸ ਦਾ ਵੀ ਨੁਕਸਾਨ ਵਿਭਾਗ ਨੂੰ ਉਠਾਉਣਾ ਪਿਆ।

ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਕਤਲ ਕਾਂਡ: 2 ਸ਼ੂਟਰ ਸਣੇ 5 ਵਿਅਕਤੀ ਗ੍ਰਿਫ਼ਤਾਰ, ਕੀਤੇ ਹੈਰਾਨੀਜਨਕ ਖ਼ੁਲਾਸੇ

ਸਸਪੈਂਡ ਕਰਮਚਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਰੋਡਵੇਜ਼-ਪਨਬੱਸ ਵਿਚ 400 ਦੇ ਲਗਭਗ ਕਰਮਚਾਰੀਆਂ ਨੂੰ ਵੱਖ-ਵੱਖ ਵਿਭਾਗੀ ਕਾਰਨਾਂ ਕਰਕੇ ਸਸਪੈਂਡ ਕੀਤਾ ਗਿਆ ਹੈ, ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਸਸਪੈਂਡ ਚੱਲ ਰਹੇ ਹਨ। ਯੂਨੀਅਨ ਦਾ ਕਹਿਣਾ ਹੈ ਕਿ ਸਸਪੈਂਡ ਕਰਮਚਾਰੀਆਂ ’ਤੇ ਜਿਹੜੇ ਦੋਸ਼ ਹਨ, ਉਹ ਝੂਠ ਦਾ ਪੁਲੰਦਾ ਹੈ। ਕਈਆਂ ’ਤੇ ਟਿਕਟ ਨਾ ਕੱਟਣ ਵਰਗੇ ਛੋਟੇ-ਛੋਟੇ ਦੋਸ਼ ਹਨ, ਜਿਨ੍ਹਾਂ ਨੂੰ ਵਿਭਾਗ ਵੱਲੋਂ ਖਤਮ ਕੀਤਾ ਜਾ ਸਕਦਾ ਹੈ, ਕਿਉਂਕਿ ਪਿਛਲੇ ਲੰਮੇ ਅਰਸੇ ਤੋਂ ਸਸਪੈਂਡ ਰਹਿਣ ਕਾਰਨ ਉਕਤ ਕਰਮਚਾਰੀਆਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਮਹਿਕਮਾ ਉਕਤ ਕਰਮਚਾਰੀਆਂ ਨੂੰ ਬਹਾਲ ਕਰ ਕੇ ਰੋਜ਼ਾਨਾ ਦੀ ਸੇਲ ’ਚ 1 ਕਰੋੜ ਦੇ ਲਗਭਗ ਵਾਧਾ ਕਰ ਸਕਦਾ ਹੈ, ਪਰ ਬਿਨਾਂ ਵਜ੍ਹਾ ਇਨ੍ਹਾਂ ਕੇਸਾਂ ਨੂੰ ਪੈਂਡਿੰਗ ਕੀਤਾ ਜਾ ਰਿਹਾ ਹੈ, ਜੋਕਿ ਮਹਿਕਮੇ ਦੇ ਨੁਕਸਾਨ ਦਾ ਕਾਰਨ ਬਣ ਰਿਹਾ ਹੈ। ਨਵੀਂ ਭਰਤੀ ਨੂੰ ਲੈ ਕੇ ਪਿਛਲੇ ਮਹੀਨੇ ਵਿਭਾਗ ਵੱਲੋਂ ਠੇਕੇਦਾਰ ਤੋਂ ਆਊਟਸੋਰਸ ’ਤੇ ਕਰਮਚਾਰੀ ਉਪਲੱਬਧ ਕਰਵਾਉਣ ਨੂੰ ਕਿਹਾ ਗਿਆ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਨੇ ਸ਼ੁਰੂਆਤ ’ਚ 200 ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਆਊਟਸੋਰਸ ’ਤੇ ਰੱਖਣਾ ਸੀ ਅਤੇ ਖੜ੍ਹੀਆਂ ਬੱਸਾਂ ਨੂੰ ਰੂਟਾਂ ’ਤੇ ਭੇਜਿਆ ਜਾਣਾ ਸੀ। ਵਿਭਾਗ ਵੱਲੋਂ ਜਦੋਂ ਇਸ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਗਈ ਤਾਂ ਯੂਨੀਅਨ ਨੇ ਪੈਸੇ ਲੈ ਕੇ ਭਰਤੀ ਕਰਨ ਦਾ ਦੋਸ਼ ਲਾਇਆ। ਯੂਨੀਅਨ ਦੇ ਵਿਰੋਧ ਕਾਰਨ ਇਹ ਕੰਮ ਵੀ ਵਿਚਾਲੇ ਰੁਕ ਗਿਆ ਹੈ।2022_6image_13_09_064209698untitled-4copy.jpg