ਪੁਲਸ ਦੀ ਢਿੱਲੀ ਕਾਰਵਾਈ ਤੋਂ ਦੁਖੀ ਹੋ ਪ੍ਰਦਰਸ਼ਨਕਾਰੀਆਂ ਨੇ ਜਲੰਧਰ-ਨਕੋਦਰ ਨੈਸ਼ਨਲ ਹਾਈਵੇਅ ''ਤੇ ਦਿੱਤਾ

in #punjab2 years ago

ਜਲੰਧਰ/ਲਾਂਬੜਾ (ਮਾਹੀ, ਸੁਨੀਲ)- ਲਾਂਬੜਾ ਪੁਲਸ ਦੀ ਢਿੱਲੀ ਕਾਰਵਾਈ ਤੋਂ ਦੁਖ਼ੀ ਹੋ ਕੇ ਗਊਸ਼ਾਲਾ ਲਾਂਬੜਾ ਦੇ ਪ੍ਰਬੰਧਕ ਅਭਿਸ਼ੇਕ ਬਖਸ਼ੀ ਨੇ ਸਾਥੀਆਂ ਸਮੇਤ ਜਲੰਧਰ-ਨਕੋਦਰ ਨੈਸ਼ਨਲ ਹਾਈਵੇਅ ’ਤੇ ਧਰਨਾ ਦੇ ਕੇ 1 ਘੰਟੇ ਤੱਕ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਧਰਨੇ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਕਰਤਾਰਪੁਰ ਸੁਰਿੰਦਰਪਾਲ ਧੋਗੜੀ, ਲਾਂਬੜਾ ਥਾਣੇ ਦੇ ਐੱਸ. ਐੱਚ. ਓ. ਅਮਨ ਸੈਣੀ, ਰਮਨਦੀਪ ਐੱਸ. ਐੱਚ. ਓ. ਕਰਤਾਰਪੁਰ, ਐੱਸ. ਐੱਚ. ਓ. ਮਕਸੂਦਾਂ ਮਨਜੀਤ ਸਿੰਘ ਆਪਣੀਆਂ ਪੁਲਸ ਪਾਰਟੀਆਂ ਸਮੇਤ ਧਰਨੇ ਵਾਲੀ ਥਾਂ ’ਤੇ ਪਹੁੰਚੇ।

ਅਭਿਸ਼ੇਕ ਬਖਸ਼ੀ ਨੇ ਦੱਸਿਆ ਕਿ ਲਾਂਬੜਾ ਸਥਿਤ ਗਊਸ਼ਾਲਾ ਨੇੜੇ ਕੁਝ ਸਥਾਨਕ ਲੋਕਾਂ ਵੱਲੋਂ ਨਾਜਾਇਜ਼ ਮਾਈਨਿੰਗ ਕਰਦੇ ਹੋਏ ਮਿੱਟੀ ਚੁੱਕ ਦਿੱਤੀ ਗਈ ਹੈ, ਜਿਸ ਦੀ ਸ਼ਿਕਾਇਤ ਲਾਂਬੜਾ ਪੁਲਸ ਨੂੰ ਕਾਫੀ ਸਮਾਂ ਪਹਿਲਾਂ ਦਿੱਤੀ ਗਈ ਸੀ। ਲਾਂਬੜਾ ਪੁਲਸ ਨੇ ਸ਼ਿਕਾਇਤ ਦੇਣ ਦੇ ਬਾਵਜੂਦ ਉਪਰੋਕਤ ਵਿਅਕਤੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਸ ਵੱਲੋਂ ਦਿੱਤੀਆਂ ਗਈਆਂ ਹੋਰ ਕਈ ਮਾਮਲਿਆਂ ’ਚ ਸ਼ਿਕਾਇਤਾਂ ਨੂੰ ਵੀ ਅਕਸਰ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਇਸ ਕਾਰਨ ਅੱਜ ਜਲੰਧਰ-ਨਕੋਦਰ ਰੋਡ ਜਾਮ ਕਰਨ ਲਈ ਮਜਬੂਰ ਹੋਣਾ ਪਿਆ। ਬਖਸ਼ੀ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ ਨਹੀਂ ਦਿਵਾਇਆ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੰਦੇ ਹੋਏ ਪੀਏਪੀ ਚੌਕ ਜਾਮ ਕਾਰਨ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਪੁਲਸ ਅਤੇ ਧਰਨਾਕਾਰੀਆਂ ਦਰਮਿਆਨ ਕਰੀਬ ਅੱਧਾ ਘੰਟਾ ਚੱਲੀ ਗੱਲਬਾਤ ਤੋਂ ਬਾਅਦ ਆਪਸੀ ਸਹਿਮਤੀ ਨਾਲ ਧਰਨਾ ਚੁੱਕਿਆ ਗਿਆ ਤੇ ਜਾਮ ਸ਼ਾਂਤ ਕੀਤਾ ਗਿਆ।
2022_8image_14_52_089956092untitled-21copy.jpg