‘ਜ਼ਫ਼ਰਨਾਮਾ’ ਨੂੰ ਮੂੰਹ ਜੁਬਾਨੀ ਉਚਾਰਨ ਕਰਨ ਵਾਲਾ ਪਹਿਲਾ ਸਿੱਖ ਬੱਚਾ ਧਵਲੇਸ਼ਵੀਰ ਸਿੰਘ, SGPC ਨੇ ਵਿਸਾਰਿਆ

in #jafarnama2 years ago

1461467_CON_IMG-20220523-WA0136.jpgਜੇਕਰ ਤੁਹਾਡੇ ਦਿਲ ਵਿੱਚ ਦ੍ਰਿੜ੍ਹ ਇਰਾਦਾ ਹੋਵੇ ਅਤੇ ਕੁਝ ਚੰਗਾ ਕਰਨ ਦੀ ਇੱਛਾ ਹੋਵੇ ਤਾਂ ਸਭ ਕੁਝ ਆਸਾਨ ਹੋ ਜਾਂਦਾ ਹੈ। ਇਸ ਦੀ ਉਦਾਹਰਨ ਹੈ ਬਠਿੰਡਾ ਦਾ ਧਵਲੇਸ਼ਵੀਰ ਸਿੰਘ, ਜਿਸ ਨੂੰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ‘ਜ਼ਫ਼ਰਨਾਮਾ’ ਨਾਲ ਅਜਿਹੀ ਲਿਵ ਲੱਗੀ ਕੇ ਉਸ ਨੇ ਆਪਣੇ ਗੁਰੂ ਦੀ ਸਿੱਖਿਆ ਨਾਲ 20 ਦਿਨਾਂ ਵਿਚ 15 ਮਿੰਟ ਦੇ ‘ਜਫ਼ਰਨਾਮਾ’ ਨੂੰ ਮੂੰਹ ਜੁਬਾਨੀ ਉਚਰਾਨ ਕਰ ਲਿਆ।
‘ਜਫ਼ਰਨਾਮਾ’ ਨੂੰ ਮੂੰਹ ਜੁਬਾਨੀ ਉਚਾਰਨ ਕਰਨ ਨਾਲ 12 ਸਾਲ ਦਾ ਧਵਲੇਸ਼ਵੀਰ ਸਿੰਘ ਦੁਨੀਆ ਦਾ ਪਹਿਲਾ ਸਿੱਖ ਬੱਚਾ ਬਣ ਗਿਆ ਹੈ ਜਿਸ ਨੂੰ ‘ਜਫ਼ਰਨਾਮਾ’ ਨੂੰ ਮੂੰਹ ਜੁਬਾਨੀ ਉਚਾਰਨ ਕਰਨ ਦਾ ਮਾਣ ਹਾਸਲ ਹੈ। ਇਸ ਬੱਚੇ ਨੂੰ ਦਿੱਲੀ ਤੇ ਪੰਜਾਬ ਦੀਆਂ ਕਈ ਸੰਸਥਾਵਾਂ ਨੇ ਨਗਦ ਰਾਸ਼ੀ ਸਮੇਤ ਐਵਾਰਡਾਂ ਨਾਲ ਸਨਮਾਨਿਤ ਕੀਤਾ ਹੈ ਪਰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਚੇ ਨੂੰ ਕੋਈ ਮਾਣ ਸਤਿਕਾਰ ਨਹੀਂ ਦਿੱਤਾ ਜਿਸ ਕਾਰਨ ਉਸ ਦੇ ਮਾਪੇ ਨਿਰਾਸ਼ ਦਿਖਾਈ ਦਿੱਤੇ।ਧਵਲੇਸ਼ਵੀਰ ਸਿੰਘ ਨੇ ਦੱਸਿਆ ਕਿ ਮੈਨੂੰ ਦੋ ਸਾਲ ਹੋ ਗਏ ‘ਜਫ਼ਰਨਾਮਾ’ ਨੂੰ ਮੂੰਹ ਜੁਬਾਨੀ ਉਚਾਰਨ ਕਰਦੇ ਨੂੰ ਤੇ ਭਾਰਤੀ ਸੰਗੀਤ ਦੀ ਸਿੱਖਿਆ ਵੀ ਲੈ ਰਿਹਾ ਹਾਂ। ਉਸ ਨੇ ਦੱਸਿਆ ਕਿ ਅਸੀਂ ਸਾਰਾ ਪਰਿਵਾਰ ਯਾਤਰਾ ਉਤੇ ਜਾ ਰਹੇ ਸੀ ਤੇ ਮੇਰੇ ਪਿਤਾ ਜੀ ਨੇ ਕਾਰ ਵਿਚ ਡਾ. ਸਤਿੰਦਰ ਸਰਤਾਜ ਦਾ ਗਾਇਆ ‘ਜਫ਼ਰਨਾਮਾ’ ਲਾਇਆ ਤਾਂ ਮੈਂ ਆਪਣੇ ਪਿਤਾ ਜੀ ਨੂੰ ਜੁਆਲ-ਜੁਆਬ ਕਰਨ ਲੱਗਾ ਕਿ ਇਹ ‘ਜਫ਼ਰਨਾਮਾ’ ਕਿਸ ਨੇ ਕਿਸ ਨੂੰ ਤੇ ਕਿਉਂ ਲਿਖਿਆ ਸੀ।
ਪਿਤਾ ਜੀ ਨੇ ਦੱਸਿਆ ਕਿ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਔਰੰਗਜੇਬ ਨੂੰ ‘ਜਫ਼ਰਨਾਮਾ’ ਲਿਖਿਆ ਸੀ ਤਾਂ ਮੇਰੀ ਇਸ ਪਾਸੇ ਲਿਵ ਲੱਗ ਗਈ ਤੇ ਮੈਂ ਆਪਣੇ ਗੁਰੂ ਨੂਰਦੀਪ ਸਿੰਘ ਨੂੰ ਦੱਸਿਆ ਕਿ ਮੈ ‘ਜਫ਼ਰਨਾਮਾ’ ਨੂੰ ਮੂੰਹ ਜੁਬਾਨੀ ਉਚਾਰਨ ਕਰਨਾ ਚਾਹੁੰਦਾ ਹਾਂ ਤਾਂ ਉਨ੍ਹਾਂ ਨੇ ਮੇਰੀ ਸੰਗੀਤ ਨਾਲ ਮੱਦਦ ਕੀਤੀ ਤਾਂ ਮੈਂ 20 ਦਿਨ ਵਿਚ 15 ਮਿੰਟ ਦੇ ‘ਜਫ਼ਰਨਾਮਾ’ ਨੂੰ ਕੰਠ ਕਰ ਲਿਆ।

ਧਵਲੇਸ਼ਵੀਰ ਸਿੰਘ ਦੇ ਗੁਰੂ ਨੂਰਦੀਪ ਸਿੰਘ ਨੇ ਕਿਹਾ ਕਿ ਧਵਲੇਸ਼ਵੀਰ ਸਿੰਘ ਨੇ ਛੋਟੀ ਉਮਰ ਵਿਚ ‘ਜਫ਼ਰਨਾਮਾ’ ਯਾਦ ਕੀਤਾ ਹੈ, ਇਹ ਬੜੇ ਮਾਣ ਵਾਲੀ ਗੱਲ ਹੈ ਤੇ ਇਸ ਪਾਸੇ ਇਸ ਦੀ ਬਹੁਤ ਰੁਚੀ ਹੈ। ਧਵਲੇਸ਼ਵੀਰ ਸਿੰਘ ਦੇ ਪਿਤਾ ਐਡਵੋਕੇਟ ਰਣਬੀਰ ਸਿੰਘ ਬਰਾੜ ਨੇ ਦੱਸਿਆ ਕਿ ਸਾਨੂੰ ਆਪਣੇ ਬੱਚੇ ਉਤੇ ਮਾਣ ਹੈ ਕਿ ਧਵਲੇਸ਼ਵੀਰ ਸਿੰਘ ਦੁਨੀਆ ਦਾ ਪਹਿਲਾ ਸਿੱਖ ਬੱਚਾ ਬਣ ਗਿਆ ਹੈ ਜਿਸ ਨੂੰ ‘ਜਫ਼ਰਨਾਮਾ’ ਨੂੰ ਮੂੰਹ ਜੁਬਾਨੀ ਉਚਾਰਨ ਕਰਨ ਦਾ ਮਾਣ ਹਾਸਲ ਹੈ।

ਉਨ੍ਹਾਂ ਦੱਸਿਆ ਕਿ ਧਵਲੇਸ਼ਵੀਰ ਸਿੰਘ ਨੂੰ ‘ਸਿੱਖ ਫਾਉਡੇਸਨ ਦਿੱਲੀ ਨੇ ‘ਕੌਮ ਦਾ ਹੀਰਾ’ ਐਵਾਰਡ ਨਾਲ ਸਮਾਨਿਤ ਕੀਤਾ ਹੈ, ਦੁਨੀਆ ਦੀਆਂ ਪੰਜਾਬੀ ਸੱਥਾਂ ਨੇ 21000 ਰੁਪਏ ਤੇ ਸ਼ੁਕਰਾਨਾ ਪੱਤਰ ਨਾਲ ਸਨਮਾਨਿਤ ਕੀਤਾ ਹੈ, ਫ਼ਤਹਿ ਗਰੁੱਪ ਰਾਮਪੁਰਾ, ਗੁਰਦੁਆਰਾ ਦੀਨਾ ਕਾਂਗੜ ਸਾਹਿਬ ਤੇ ਇਲਾਕੇ ਦੇ ਗੁਰੂ ਘਰਾਂ ਦੇ ਸੇਵਾਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਪਰ ਵੱਡਾ ਅਫ਼ਸੋਸ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਚੇ ਦਾ ਮਾਣ ਸਤਿਕਾਰ ਤਾਂ ਕੀ ਕਰਨਾ ਸੀ ਸਗੋਂ ਕਦੇ ਹੱਲਾਸ਼ੇਰੀ ਤੱਕ ਨਹੀਂ ਦਿੱਤੀ ਜਦੋਕਿ ਅਸੀਂ ਹਮੇਸ਼ਾ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ ਦੀਆਂ ਗੱਲਾਂ ਕਰਦੇ ਹਾਂ ਪਰ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਵਾਲੇ ਬੱਚਿਆਂ ਨੂੰ ਮਾਣ-ਸਤਿਕਾਰ ਮਿਲਣਾ ਚਾਹੀਦਾ ਹੈ।ਤਾਂ ਜੋ ਹੋਰ ਵੀ ਬੱਚੇ ਉਤਸ਼ਾਹਤ ਹੋਣ l