ਮੌੜ ਬਲਾਸਟ ਮਾਮਲੇ ਵਿਚ ਤਤਕਾਲੀ ਐਸਐਚਓ ਮੌੜ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

in #blast2 years ago

1456789_CON_IMG-20220522-WA0083-16532155133x2.jpg2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਠਿੰਡਾ ਜਿਲ੍ਹੇ ਦੀ ਮੌੜ ਮੰਡੀ ’ਚ ਤੱਤਕਾਲੀ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਸਭਾ ਲਾਗੇ ਹੋਏ ਜਬਰਦਸਤ ਬੰਬ ਧਮਾਕੇ ਦੇ ਮਾਮਲੇ ’ਚ ਤਲਵੰਡੀ ਸਾਬੋ ਅਦਾਲਤ ਨੇ ਉਸ ਵੇਲੇ ਦੇ ਮੁੱਖ ਥਾਣਾ ਅਫਸਰ ਮੌੜ ਸ਼ਿਵ ਚੰਦ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ।
ਜਾਣਕਾਰੀ ਅਨੁਸਾਰ ਮਾਮਲਾ ਇਸ ਬੰਬ ਕਾਂਡ ’ਚ ਤੱਤਕਾਲੀ ਐਸਐਚਓ ਦੀ ਅਦਾਲਤ ’ਚ ਗਵਾਹੀ ਦਰਜ ਕਰਵਾਉਣ ਨਾਲ ਜੁੜਿਆ ਹੋਇਆ ਹੈ। ਸ਼ਿਵ ਚੰਦ ਦੀ ਹੁਣ ਡੀਐਸਪੀ ਵਜੋਂ ਤਰੱਕੀ ਵੀ ਹੋ ਚੁੱਕੀ ਹੈ ਪਰ ਜਦੋਂ ਉਨ੍ਹਾਂ ਚਾਰ ਵਾਰ ਅਦਾਲਤੀ ਹੁਕਮਾਂ ਨੂੰ ਟਿੱਚ ਜਾਣਿਆ ਤਾਂ ਅਦਾਲਤ ਨੂੰ ਇਹ ਸਖਤ ਫੈਸਲਾ ਲੈਣਾ ਪਿਆ ਹੈ। ਪਤਾ ਲੱਗਿਆ ਹੈ ਕਿ ਜਾਂਚ ਅਧਿਕਾਰੀ ਸ਼ਿਵਚੰਦ ਨੂੰ 21 ਦਸੰਬਰ ਨੂੰ ਪੇਸ਼ ਹੋਣ ਲਈ ਆਖਿਆ ਗਿਆ ਸੀ।
ਉਸ ਤੋਂ ਬਾਅਦ ਅਦਾਲਤ ਨੇ ਇਸ ਸਾਲ ਪਹਿਲਾਂ 14 ਫਰਵਰੀ ਤੇ ਫਿਰ 26 ਅਪਰੈਲ ਅਤੇ ਚੌਥੀ ਵਾਰ 13 ਮਈ ਨੂੰ ਗਵਾਹੀ ਦੇਣ ਲਈ ਤਲਬ ਕੀਤਾ ਸੀ ਪਰ ਸ਼ਿਵ ਚੰਦ ਅਦਾਲਤ ’ਚ ਪੇਸ਼ ਨਹੀਂ ਹੋਏ ਅਤੇ ਆਦੇਸ਼ਾਂ ਨੂੰ ਅਣਗੌਲਿਆ ਕਰ ਦਿੱਤਾ। ਮੌੜ ਬੰਬ ਕਾਂਡ ਦੇ ਜਾਂਚ ਅਧਿਕਾਰੀ ਅਤੇ ਮੌਜੂਦਾ ਡੀਐਸਪੀ ਸ਼ਿਵ ਚੰਦ ਦੇ ਵਤੀਰੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਦਾਲਤ ਨੇ ਹੁਣ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ।
ਮਾਮਲੇ ਦੀ ਅਗਲੀ ਸੁਣਵਾਈ 16 ਜੁਲਾਈ ਨੂੰ ਰੱਖੀ ਗਈ ਹੈ। ਦੱਸਣਯੋਗ ਹੈ ਕਿ ਮੌੜ ਬੰਬ ਬਲਾਸਟ ’ਚ ਪੰਜ ਬੱਚਿਆਂ ਸਣੇ ਸੱਤ ਲੋਕਾਂ ਦੀ ਮੌਤ ਹੋ ਗਈ ਸੀ। ਮੌੜ ’ਚ ਬੰਬ ਧਮਾਕਾ 31 ਜਨਵਰੀ 2017 ਨੂੰ ਹੋਇਆ ਸੀ ਅਤੇ ਪੁਲਿਸ ਪੰਜ ਸਾਲ ਤੋਂ ਵੀ ਵੱਧ ਅਰਸੇ ਮਗਰੋਂ ਵੀ ਮੁਲਜ਼ਮਾਂ ਦੀ ਸੂਹ ਨਹੀਂ ਲਾ ਸਕੀ ਹੈ ਅਤੇ ਨਾ ਹੀ ਕਿਸੇ ਨੂੰ ਗ੍ਰਿਫਤਾਰ ਕੀਤਾ ਜਾ ਸਕਿਆ ਹੈ। ਪੁਲਿਸ ਨੇ ਇਸ ਮਾਮਲੇ ’ਚ ਪਹਿਲਾਂ ਐਸਆਈਟੀ ਵੀ ਬਣਾਈ ਸੀ ਜਿਸ ਦੇ ਹੱਥ ਪੱਲੇ ਵੀ ਕੁੱਝ ਨਹੀਂ ਪਿਆ ਹੈ।
ਉਸ ਤੋਂ ਬਾਅਦ ਫਿਰ ਨਵੀਂ ਐਸਆਈਟੀ ਬਣੀ ਤਾਂ ਡੇਰਾ ਸਿਰਸਾ ਨਾਲ ਜੁੜੇ ਲੋਕਾਂ ਦੀ ਗ੍ਰਿਫਤਾਰੀ ਲਈ ਸੂਹ ਦੇਣ ਵਾਸਤੇ ਇਸ਼ਤਿਹਾਰ ਵੀ ਜਾਰੀ ਕੀਤੇ ਗਏ ਸਨ। ਪੁਲਿਸ ਅਤੇ ਵਿਸ਼ੇਸ਼ ਜਾਂਚ ਟੀਮਾਂ ਦੀਆਂ ਹੁਣ ਤੱਕ ਦੀਆਂ ਕੋਸ਼ਿਸ਼ਾਂ ਅਸਫਲ ਹੀ ਰਹੀਆਂ ਹਨ ਅਤੇ ਇਹ ਬੰਬ ਧਮਾਕਾ ਭੇਦ ਬਣਿਆ ਹੋਇਆ ਹੈ ਜਦੋਂਕਿ ਪੀੜਤ ਪਰਿਵਾਰ ਇਨਸਾਫ ਦੀ ਝਾਕ ’ਚ ਅੱਖਾਂ ਪਕਾ ਬੈਠੇ ਹਨ।